#AMERICA

ਅਮਰੀਕੀ ਸੁਪਰੀਮ ਕੋਰਟ ਵੱਲੋਂ ਵਿਦਿਆਰਥੀ ਕਰਜ਼ਾ ਮਾਫ਼ੀ ਯੋਜਨਾ ਰੱਦ

ਬਾਇਡਨ ਵੱਲੋਂ ਵਿਦਿਆਰਥੀਆਂ ਨੂੰ ਰਾਹਤ ਲਈ ਵਿਕਲਪਿਕ ਯੋਜਨਾ ਪੇਸ਼ ਕਰਨ ਦਾ ਭਰੋਸਾ
ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੁਪਰੀਮ ਕੋਰਟ ਵੱਲੋਂ ਵਿਦਿਆਰਥੀ ਕਰਜ਼ੇ ਦੇ ਅਰਬਾਂ ਡਾਲਰ ਮਾਫ਼ ਕਰਨ ਦੀ ਉਨ੍ਹਾਂ ਦੀ ਯੋਜਨਾ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਵਿਦਿਆਰਥੀਆਂ ਨੂੰ ਰਾਹਤ ਲਈ ਇੱਕ ਵਿਕਲਪਿਕ ਯੋਜਨਾ ਪੇਸ਼ ਕਰਨ ਦਾ ਭਰੋਸਾ ਦਿੱਤਾ। ਬਾਇਡਨ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਵਿਦਿਆਰਥੀ ਕਰਜ਼ੇ ਦੀ ਅਦਾਇਗੀ ਦੀ ਜ਼ਰੂਰਤ ਹੋਏਗੀ, ਪਰ ਉਹ ਉੱਚ ਸਿੱਖਿਆ ਐਕਟ ਦੇ ਤਹਿਤ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ‘ਤੇ ਕੰਮ ਕਰਨਗੇ, ਜੋ ਕਰਜ਼ਾ ਲੈਣ ਵਾਲੇ ਵਿਦਿਆਰਥੀਆਂ ਦੇ ਡਿਫਾਲਟਰ ਹੋਣ ਦੇ ਖ਼ਤਰੇ ਨੂੰ ਘੱਟ ਕਰਨ ਲਈ ਤਿਆਰ ਕੀਤਾ ਜਾਵੇਗਾ।
ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕੁਝ ਘੰਟਿਆਂ ਬਾਅਦ ਬਾਇਡਨ ਵੱਲੋਂ ਵ੍ਹਾਈਟ ਹਾਊਸ ਤੋਂ ਕੀਤੀ ਗਈ ਇਸ ਟਿੱਪਣੀ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਇਡਨ ਪ੍ਰਸ਼ਾਸਨ ਨੇ ਲੱਖਾਂ ਫੈਡਰਲ ਵਿਦਿਆਰਥੀ ਕਰਜ਼ਿਆਂ ਨੂੰ ਰੱਦ ਕਰਨ ਜਾਂ ਇਸ ਨੂੰ ਘਟਾਉਣ ਲਈ 400 ਅਰਬ ਅਮਰੀਕੀ ਡਾਲਰ ਦੀ ਯੋਜਨਾ ਦਾ ਪ੍ਰਸਤਾਵ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ। ਕਰਜ਼ਾ ਲੈਣ ਵਾਲਿਆਂ ਨੂੰ ”ਝੂਠੀ ਉਮੀਦ” ਦਿਵਾਉਣ ਨਾਲ ਜੁੜੇ ਸਵਾਲ ਦੇ ਜਵਾਬ ਵਿਚ ਬਾਇਡਨ ਨੇ ਕਿਹਾ, ”ਮੈਂ ਕੋਈ ਝੂਠੀ ਉਮੀਦ ਨਹੀਂ ਦਿੱਤੀ ਹੈ। ਜੋ ਉਮੀਦ ਦੀ ਕਿਰਨ ਸੀ, ਉਸ ਨੂੰ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਖੋਹ ਲਿਆ ਹੈ।”

Leave a comment