#EUROPE

ਯੂ.ਐੱਨ. ਵੱਲੋਂ ਪਾਕਿਸਤਾਨ ਦੇ ਖੁਰਾਕੀ ਸੰਕਟ ‘ਤੇ ਚਿਤਾਵਨੀ!

-ਦੁਨੀਆਂ ਦੇ 10 ਸਭ ਤੋਂ ਭੁੱਖਮਰੀ ਵਾਲੇ ਦੇਸ਼ਾਂ ‘ਚ ਸ਼ਾਮਲ ਪਾਕਿਸਤਾਨ
ਜਨੇਵਾ, 25 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਸਾਲ 2026 ਦੀ ”ਗਲੋਬਲ ਰਿਪੋਰਟ ਆਨ ਫੂਡ ਕ੍ਰਾਈਸਿਸ” ਨੇ ਪਾਕਿਸਤਾਨ ਦੇ ਹਾਲਾਤਾਂ ਨੂੰ ਲੈ ਕੇ ਬੇਹੱਦ ਚਿੰਤਾਜਨਕ ਖੁਲਾਸਾ ਕੀਤਾ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਦੁਨੀਆਂ ਦੇ ਉਨ੍ਹਾਂ 10 ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ, ਜਿੱਥੇ ਖੁਰਾਕੀ ਸੰਕਟ ਸਭ ਤੋਂ ਗੰਭੀਰ ਰੂਪ ਲੈ ਚੁੱਕਾ ਹੈ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿਚ ਲਗਭਗ 1.1 ਕਰੋੜ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੋੜੀਂਦਾ ਖਾਣਾ ਨਹੀਂ ਮਿਲ ਰਿਹਾ। ਇਨ੍ਹਾਂ ਵਿਚੋਂ ਲਗਭਗ 93 ਲੱਖ ਲੋਕ ”ਸੰਕਟ” ਦੇ ਪੱਧਰ ‘ਤੇ ਹਨ, ਜਦਕਿ 17 ਲੱਖ ਲੋਕ ”ਐਮਰਜੈਂਸੀ” ਦੀ ਸਥਿਤੀ ਵਿਚ ਹਨ। ਇਹ ਦੋਵੇਂ ਸਥਿਤੀਆਂ ਅਕਾਲ ਤੋਂ ਠੀਕ ਪਹਿਲਾਂ ਦੀ ਸਭ ਤੋਂ ਖ਼ਤਰਨਾਕ ਅਵਸਥਾ ਮੰਨੀ ਜਾਂਦੀ ਹੈ, ਜਿੱਥੇ ਰੋਜ਼ਾਨਾ ਦਾ ਭੋਜਨ ਜੁਟਾਉਣਾ ਵੀ ਇੱਕ ਵੱਡਾ ਸੰਘਰਸ਼ ਬਣ ਜਾਂਦਾ ਹੈ।
ਮਾਹਿਰਾਂ ਅਨੁਸਾਰ ਸਾਲ 2025 ਵਿਚ ਆਏ ਭਿਆਨਕ ਹੜ੍ਹ ਤੇ ਖਰਾਬ ਮੌਸਮ ਨੇ ਲੱਖਾਂ ਲੋਕਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ, ਜਿਸ ਕਾਰਨ ਅਨਾਜ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਵਧਦੀ ਮਹਿੰਗਾਈ, ਕੁਪੋਸ਼ਣ, ਸਾਫ਼ ਪਾਣੀ ਦੀ ਕਮੀ ਅਤੇ ਕਮਜ਼ੋਰ ਸਿਹਤ ਸਹੂਲਤਾਂ ਨੇ ਸਥਿਤੀ ਨੂੰ ਹੋਰ ਵੀ ਨਾਜ਼ੁਕ ਬਣਾ ਦਿੱਤਾ ਹੈ।
ਰਿਪੋਰਟ ਮੁਤਾਬਕ ਖੁਰਾਕੀ ਸੰਕਟ ਦੀ ਮਾਰ ਹੇਠ ਆਉਣ ਵਾਲੇ ਹੋਰ ਦੇਸ਼ਾਂ ਵਿਚ ਅਫਗਾਨਿਸਤਾਨ, ਬੰਗਲਾਦੇਸ਼, ਮਿਆਂਮਾਰ, ਨਾਈਜੀਰੀਆ, ਸੂਡਾਨ, ਸੀਰੀਆ, ਯਮਨ ਅਤੇ ਕਾਂਗੋ ਸ਼ਾਮਲ ਹਨ। ਪੂਰੀ ਦੁਨੀਆਂ ਵਿਚ ਲਗਭਗ 26.6 ਕਰੋੜ ਲੋਕ ਗੰਭੀਰ ਖੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਕੋਈ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੇ ਮਹੀਨਿਆਂ ਵਿਚ ਭੁੱਖਮਰੀ ਅਤੇ ਮਹਿੰਗਾਈ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ।