#PUNJAB

ਬਹਿਬਲ ਗੋਲੀ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਆਮ ਜਨਤਾ ਨੂੰ ਜਾਂਚ ‘ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ

– 30 ਜੁਲਾਈ ਨੂੰ ਬਰਗਾੜੀ ਪੁਲਿਸ ਚੌਕੀ ਵਿਖੇ ਹਾਜ਼ਰ ਰਹੇਗੀ ਜਾਂਚ ਟੀਮ; ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਮੁਕੰਮਲ
ਫ਼ਰੀਦਕੋਟ, 3 ਜੁਲਾਈ (ਪੰਜਾਬ ਮੇਲ)-  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਇਤਿਹਾਸਕ ਬਹਿਬਲ ਗੋਲੀ ਕਾਂਡ ਦੀ ਪੜਤਾਲ ਲਈ ਇੱਕ ਦਿਨ ਪਹਿਲਾਂ ਪਿੰਡ ਬਹਿਬਲ ਕਲਾਂ, ਬਰਗਾੜੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਹੁਣ ਇਲਾਕੇ ਦੇ ਆਮ ਲੋਕਾਂ ਨੂੰ ਇਸ ਪੜਤਾਲ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਜਾਂਚ ਟੀਮ ਨੇ ਇੱਕ ਵਿਸ਼ੇਸ਼ ਜਨਤਕ ਨੋਟਿਸ ਜਾਰੀ ਕਰਕੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਜੇਕਰ ਕੋਟਕਪੂਰਾ-ਬਹਿਬਲ ਗੋਲੀਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਅਹਿਮ ਜਾਣਕਾਰੀ, ਸਬੂਤ ਜਾਂ ਤੱਥ ਰੱਖਦਾ ਹੋਵੇ, ਤਾਂ ਉਹ ਬਿਨਾਂ ਕਿਸੇ ਡਰ ਤੋਂ ਇਸ ਨੂੰ ਵਿਸ਼ੇਸ਼ ਜਾਂਚ ਟੀਮ ਨਾਲ ਸਾਂਝੀ ਕਰੇ। ਡੀ.ਆਈ.ਜੀ. ਹਰਜੀਤ ਸਿੰਘ ਇਸ ਉੱਚ ਪੱਧਰੀ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ।
ਵਿਸ਼ੇਸ਼ ਜਾਂਚ ਟੀਮ ਵੱਲੋਂ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ ਕਿ ਉਹ ਆਉਣ ਵਾਲੀ 30 ਜੁਲਾਈ ਨੂੰ ਪੁਲਿਸ ਚੌਕੀ ਬਰਗਾੜੀ ਵਿਖੇ ਪੂਰਾ ਦਿਨ ਹਾਜ਼ਰ ਰਹਿਣਗੇ। ਜੇਕਰ ਕੋਈ ਵੀ ਵਿਅਕਤੀ ਆਮ ਜਨਤਾ ਵਿੱਚੋਂ ਉਪਰੋਕਤ ਕਾਂਡਾਂ ਬਾਰੇ ਕੋਈ ਵੀ ਚਸ਼ਮਦੀਦ ਗਵਾਹੀ ਜਾਂ ਜਾਣਕਾਰੀ ਦੇਣੀ ਚਾਹੁੰਦਾ ਹੈ, ਤਾਂ ਮੌਕੇ ‘ਤੇ ਉਸ ਵਿਅਕਤੀ ਦੇ ਬਿਆਨ ਕਾਨੂੰਨ ਮੁਤਾਬਕ ਕਲਮਬੰਦ ਕੀਤੇ ਜਾਣਗੇ। ਜਾਂਚ ਟੀਮ ਨੇ ਸਪੱਸ਼ਟ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਜਾਣਕਾਰੀ ਸਾਂਝੀ ਕਰਨ ਵਾਲੇ ਹਰ ਵਿਅਕਤੀ ਦੀ ਪਛਾਣ ਨੂੰ ਮੁਕੰਮਲ ਤੌਰ ‘ਤੇ ਗੁਪਤ ਰੱਖਿਆ ਜਾਵੇਗਾ, ਤਾਂ ਜੋ ਕੋਈ ਵੀ ਗਵਾਹ ਬਿਨਾਂ ਕਿਸੇ ਝਿਜਕ ਜਾਂ ਖ਼ਤਰੇ ਦੇ ਸੱਚ ਸਾਹਮਣੇ ਲਿਆਉਣ ਵਿਚ ਸਹਿਯੋਗ ਕਰ ਸਕੇ।