ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ 55 ਸਾਲਾ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 235 ਮਹੀਨੇ (19 ਸਾਲ 7 ਮਹੀਨੇ) ਜੇਲ੍ਹ ਦੀ ਸਜ਼ਾ ਸੁਣਾਈ ਹੈ। ਨਿਊਯਾਰਕ ਦੀ ਫੈਡਰਲ ਕੋਰਟ ਵਿਚ ਕਰੀਬ 80 ਮਿੰਟ ਤੱਕ ਚੱਲੀ ਸੁਣਵਾਈ ਤੋਂ ਬਾਅਦ ਜੱਜ ਵਿਕਟਰ ਮਾਰੇਰੋ ਨੇ ਇਹ ਫੈਸਲਾ ਸੁਣਾਇਆ।
ਅਦਾਲਤੀ ਕਾਰਵਾਈ ਦੌਰਾਨ ਨਿਖਿਲ ਗੁਪਤਾ ਨੇ ਆਪਣੇ ਉੱਪਰ ਲੱਗੇ ਤਿੰਨ ਪ੍ਰਮੁੱਖ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਇਨ੍ਹਾਂ ਵਿਚ ਹੱਤਿਆ ਲਈ ਸੁਪਾਰੀ ਦੇਣ, ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਸ਼ਾਮਲ ਸਨ। ਇਹ ਪੂਰਾ ਮਾਮਲਾ ਸਾਲ 2023 ਵਿਚ ਨਿਊਯਾਰਕ ਵਿਚ ਪੰਨੂ ਦੀ ਹੱਤਿਆ ਕਰਨ ਦੀ ਬਣਾਈ ਗਈ ਯੋਜਨਾ ਨਾਲ ਸਬੰਧਤ ਹੈ।
ਅਮਰੀਕੀ ਜਾਂਚ ਏਜੰਸੀਆਂ ਅਨੁਸਾਰ, ਸਾਲ 2023 ਵਿਚ ਨਿਖਿਲ ਗੁਪਤਾ ਨੇ ਪੰਨੂ ਦੀ ਹੱਤਿਆ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਸੀ। ਇਸ ਮਾਮਲੇ ਵਿਚ ਵਿਕਾਸ ਯਾਦਵ ਨੂੰ ਵੀ ਸਹਿ-ਦੋਸ਼ੀ ਬਣਾਇਆ ਗਿਆ ਹੈ, ਜਿਸ ‘ਤੇ ਗੁਪਤਾ ਰਾਹੀਂ ਸ਼ੂਟਰ ਦਾ ਇੰਤਜ਼ਾਮ ਕਰਵਾਉਣ ਦੇ ਦੋਸ਼ ਹਨ। ਹੱਤਿਆ ਲਈ 1 ਲੱਖ ਅਮਰੀਕੀ ਡਾਲਰ ਦੀ ਰਕਮ ਤੈਅ ਕੀਤੀ ਗਈ ਸੀ, ਜਿਸ ਵਿਚੋਂ 15,000 ਡਾਲਰ ਐਡਵਾਂਸ ਵਜੋਂ ਦਿੱਤੇ ਗਏ ਸਨ। ਹਾਲਾਂਕਿ, ਜਿਸ ਵਿਅਕਤੀ ਨਾਲ ਗੁਪਤਾ ਸੰਪਰਕ ਕਰ ਰਿਹਾ ਸੀ, ਉਹ ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਦਾ ਗੁਪਤ ਏਜੰਟ ਨਿਕਲਿਆ, ਜਿਸ ਕਾਰਨ ਪੂਰੀ ਸਾਜ਼ਿਸ਼ ਦਾ ਖ਼ੁਲਾਸਾ ਹੋ ਗਿਆ ਅਤੇ ਇਹ ਯੋਜਨਾ ਨਾਕਾਮ ਹੋ ਗਈ।
ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਨਿਖਿਲ ਗੁਪਤਾ ਨੇ ਅਦਾਲਤ ਨੂੰ ਲਿਖੀ ਇੱਕ ਚਿੱਠੀ ਵਿਚ ਆਪਣੇ ਕੀਤੇ ‘ਤੇ ਡੂੰਘੇ ਪਛਤਾਵੇ ਦਾ ਪ੍ਰਗਟਾਵਾ ਕੀਤਾ। ਉਸ ਨੇ ਲਿਖਿਆ ਕਿ ਉਹ ਉਸ ਸਮੇਂ ਆਪਣੀਆਂ ਗਲਤੀਆਂ ਕਾਰਨ ਪਰਿਵਾਰ ਤੋਂ ਦੂਰ ਹੋ ਗਿਆ ਸੀ। ਗੁਪਤਾ ਨੇ ਇਹ ਵੀ ਕਿਹਾ ਕਿ ਉਹ ਸ਼ੁਕਰਗੁਜ਼ਾਰ ਹੈ ਕਿ ਇਸ ਸਾਜ਼ਿਸ਼ ਵਿਚ ਕਿਸੇ ਦੀ ਜਾਨ ਨਹੀਂ ਗਈ ਅਤੇ ਨਾ ਹੀ ਕੋਈ ਜ਼ਖਮੀ ਹੋਇਆ।
ਸੁਣਵਾਈ ਦੌਰਾਨ ਗੁਰਪਤਵੰਤ ਸਿੰਘ ਪੰਨੂ ਨੇ ਵੀ ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਾਨ ਦੇ ਖ਼ਤਰੇ ਦੀ ਸਾਜ਼ਿਸ਼ ਸਾਹਮਣੇ ਆਉਣ ਤੋਂ ਬਾਅਦ ਉਹ 1,200 ਦਿਨਾਂ ਤੋਂ ਵੀ ਵੱਧ ਸਮੇਂ ਤੱਕ ਆਪਣੀ ਨਿਯਮਤ ਕਾਨੂੰਨੀ ਪ੍ਰੈਕਟਿਸ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਪੰਨੂ ਅਮਰੀਕੀ ਅਤੇ ਕੈਨੇਡੀਅਨ ਨਾਗਰਿਕਤਾ ਰੱਖਦਾ ਹੈ ਅਤੇ ਭਾਰਤ ਵਿਚ ਅੱਤਵਾਦੀ ਐਲਾਨਿਆ ਹੋਇਆ ਹੈ।
ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ‘ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 235 ਮਹੀਨਿਆਂ ਦੀ ਜੇਲ੍ਹ

