#PUNJAB

ਪੰਥਕ ਇਕੱਠ ਵੱਲੋਂ ਅਕਾਲ ਤਖ਼ਤ ਦੇ ਫ਼ੈਸਲੇ ਦੀ ਹਮਾਇਤ

-ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਨੂੰ ਪੰਥ ਦੀ ਸਾਂਝੀ ਆਵਾਜ਼ ਦੱਸਿਆ
ਅੰਮ੍ਰਿਤਸਰ, 7 ਜੁਲਾਈ (ਪੰਜਾਬ ਮੇਲ)- ਵਿਵਾਦਤ ਵੀਡੀਓ ਮਾਮਲੇ ਵਿਚ ਅਕਾਲ ਤਖ਼ਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜਾਰੀ ਆਦੇਸ਼ ਦਾ ਸਮਰਥਨ ਕਰਦਿਆਂ ਪੰਥਕ ਇਕੱਠ ਨੇ ਪੰਥ ਦੀ ਸਾਂਝੀ ਆਵਾਜ਼ ਕਰਾਰ ਦਿੱਤਾ ਹੈ। ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਇਕੱਠ ‘ਚ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ, ਉਦਾਸੀ ਅਤੇ ਕਾਰ ਸੇਵਾ ਸੰਪਰਦਾਵਾਂ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਮਤੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਮਤੇ ਵਿਚ ਮੁੱਖ ਮੰਤਰੀ ਨੂੰ ‘ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ’ ਕਰਾਰ ਦੇਣ ਦੇ ਆਦੇਸ਼ ਨੂੰ ਜਾਇਜ਼ ਠਹਿਰਾਇਆ ਗਿਆ। ਇਕੱਠ ਨੇ ਚਿੰਤਾ ਪ੍ਰਗਟਾਈ ਕਿ ਭੁੱਲ ਬਖਸ਼ਾਉਣ ਦੀ ਥਾਂ ‘ਆਪ’ ਆਗੂ ਅਤੇ ਸਰਕਾਰ ਅਕਾਲ ਤਖ਼ਤ ਨੂੰ ਚੁਣੌਤੀ ਦੇ ਰਹੇ ਹਨ, ਜਿਸ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਪੰਥਕ ਇਕੱਠ ਨੇ ਫ਼ੈਸਲਾ ਕੀਤਾ ਕਿ ਇਸ ਆਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਵਿਚ ਪੰਥਕ ਇਕੱਠ ਸੱਦੇ ਜਾਣਗੇ ਅਤੇ ਪਿੰਡ ਪੱਧਰ ‘ਤੇ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਸਿੱਖ ਸੰਸਥਾਵਾਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਹੋ ਰਹੇ ਕੂੜ ਪ੍ਰਚਾਰ ਦਾ ਜਵਾਬ ਤਰਕਸੰਗਤ ਨਾਲ ਦੇਣ ਦੀ ਵੀ ਅਪੀਲ ਕੀਤੀ ਗਈ। ਐਡਵੋਕੇਟ ਧਾਮੀ ਨੇ ਕਿਹਾ ਕਿ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਮੁੱਢਲਾ ਫ਼ਰਜ਼ ਹੈ।
ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਤਖ਼ਤ ਹਜ਼ੂਰ ਸਾਹਿਬ ਵੱਲੋਂ ਗਿਆਨੀ ਪਰਮਵੀਰ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਦੌਰਾਨ ਬੱਬਰ ਖ਼ਾਲਸਾ ਦੇ ਮੁਖੀ ਵਧਾਵਾ ਸਿੰਘ ਦਾ ਚਾਰ ਸਫ਼ਿਆਂ ਦਾ ਸੰਦੇਸ਼ ਵੀ ਵੰਡਿਆ ਗਿਆ, ਜਿਸ ਵਿਚ ਭਾਜਪਾ ਅਤੇ ਭਗਵੰਤ ਮਾਨ ਨੂੰ ਪੰਥ ਵਿਰੋਧੀ ਦੱਸਣ ਦੇ ਨਾਲ-ਨਾਲ ਸਿੱਖ ਸੰਸਥਾਵਾਂ ‘ਤੇ ਕਾਬਜ਼ ਲੋਕਾਂ ਦੀ ਭੂਮਿਕਾ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਜਥੇਦਾਰਾਂ ‘ਤੇ ਵੀ ਤਿੱਖੇ ਸਵਾਲ ਚੁੱਕੇ ਗਏ।