#INDIA #PUNJAB

ਪੰਜਾਬ ਸਮੇਤ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ‘ਤੇ

ਨਵੀਂ ਦਿੱਲੀ, 17 ਜੂਨ (ਪੰਜਾਬ ਮੇਲ)- ਪੰਜਾਬ ਸਮੇਤ ਪੰਜ ਸੂਬਿਆਂ ਵਿਚ 2027 ਦੇ ਪਹਿਲੇ 6 ਮਹੀਨਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ‘ਤੇ ਹੀ ਹੋਣਗੀਆਂ। ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਵਿਚ ਟਕਰਾਅ ਤੋਂ ਬਚਣ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣਾਂ ਅਗੇਤੀਆਂ ਕਰਵਾਉਣ ਦੀ ਹਾਲ ਦੀ ਘੜੀ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ‘ਤੇ ਹੀ ਹੋਣਗੀਆਂ ਅਤੇ ਸਿਆਸੀ ਪਾਰਟੀਆਂ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਲਈ ਕਾਫ਼ੀ ਸਮਾਂ ਹੋਵੇਗਾ।
ਗ਼ੌਰਤਲਬ ਹੈ ਕਿ ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਵਿਚ ਵਿਧਾਨ ਸਭਾ ਚੋਣਾਂ ਫਰਵਰੀ-ਮਾਰਚ 2027 ਦੌਰਾਨ ਹੋਣੀਆਂ ਹਨ। ਮਰਦਮਸ਼ੁਮਾਰੀ ਦਾ ਦੂਜਾ ਗੇੜ- ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ, ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਵਿਚ ਹੋਣਾ ਹੈ। ਇਸ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਿਚ ਸਮਾਜਿਕ, ਆਰਥਿਕ, ਸੱਭਿਆਚਾਰਕ, ਪਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ।
ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਵਿਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ- ਅਪ੍ਰੈਲ ਤੋਂ ਜਾਰੀ ਹੈ, ਜੋ ਸਤੰਬਰ 2026 ਤੱਕ ਚੱਲੇਗਾ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਹੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਹੈ ਤੇ ਉਸ ਨੇ ਕੇਵਲ ਸਿੰਘ ਢਿਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ‘ਚ ਰੈਲੀਆਂ ਤੇ ਇਕੱਠ ਕੀਤੇ ਜਾ ਰਹੇ ਹਨ।
ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਵਿਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕਾਂ ਦੀ ਪਾਰਟੀ ਹੈ ਤੇ ਉਸ ਨੇ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਹਨ। ਉਧਰ, ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸ ਦਾ ਪ੍ਰਦਰਸ਼ਨ ਬਿਹਤਰ ਰਹੇਗਾ ਤੇ ਉਹ ਸੱਤਾ ‘ਤੇ ਕਾਬਜ਼ ਹੋਵੇਗੀ।