#PUNJAB

ਪੰਜਾਬ ਦੀ ਨਵੀਂ ਪਾਰਟੀ ਵੱਲੋਂ 117 ਸੀਟਾਂ ਤੋਂ ਚੋਣ ਲੜਣ ਦਾ ਐਲਾਨ!

ਜਲੰਧਰ, 18 ਜੂਨ (ਪੰਜਾਬ ਮੇਲ)- ‘ਜਾਗੋ ਪੰਜਾਬ ਪਾਰਟੀ’ ਨੇ ਅੱਜ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਅੱਜ ‘ਜਾਗੋ ਪੰਜਾਬ ਪਾਰਟੀ’ ਅਤੇ ‘ਪੰਜਾਬ ਬਚਾਓ ਮੋਰਚਾ’ ਨਾਲ ਜੁੜੀਆਂ ਸਿਆਸੀ ਪਾਰਟੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਤੇ ਸਮਾਜਿਕ ਜਥੇਬੰਦੀਆਂ ਦੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਜਨਤਾ ਦਾ ਸਾਰੀਆਂ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ।
ਬ੍ਰਿਗੇਡੀਅਰ ਹਰਵੰਤ ਸਿੰਘ, ਕਰਨਲ ਅਵਤਾਰ ਸਿੰਘ ਹੀਰਾ, ਕਰਨਲ ਮਾਲਵਿੰਦਰ ਸਿੰਘ ਗੁਰਾਂ, ਸਤਪਾਲ ਸ਼ਰਮਾ ਅਤੇ ਕੇ. ਐੱਸ. ਧਨੋਆ ਨੇ ਦੱਸਿਆ ਕਿ ਪੰਜਾਬ ਨੂੰ ਮਾੜੇ ਪ੍ਰਬੰਧਾਂ ਅਤੇ ਲੁੱਟ ਤੋਂ ਬਚਾਉਣ ਅਤੇ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਬੁਨਿਆਦੀ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਕ ਬਦਲ ਚਾਹੁੰਦੀ ਹੈ, ਜੋ ਉਨ੍ਹਾਂ ਨੇ ਮੁਹੱਈਆ ਕਰਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਦਾ ਮੁਖੀ ਡਾ. ਗੁਰਕੰਵਲ ਸਿੰਘ ਨੂੰ ਬਣਾਇਆ ਗਿਆ ਹੈ। ਚੋਣ ਮਨੋਰਥ ਪੱਤਰ ਵਿਚ ਅਸੀਂ ਮਾੜੇ ਪ੍ਰਬੰਧਾਂ ਨੂੰ ਦੂਰ ਕਰਨ, ਆਰਥਿਕਤਾ ਵਿਚ ਸੁਧਾਰ ਲਿਆਉਣ ਲਈ ਬੇਰੁਜ਼ਗਾਰੀ ਨੂੰ ਦੂਰ ਕਰਾਂਗੇ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਾਂਗੇ। ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਮਾਹਿਰਾਂ ਦੀਆਂ ਕਮੇਟੀਆਂ ਬਣਾ ਕੇ ਸੁਧਾਰ ਕੀਤੇ ਜਾਣਗੇ। ਪੂਰੇ ਸੂਬੇ ਵਿਚ ਕਾਨੂੰਨ-ਵਿਵਸਥਾ ਸੁਧਾਰਨ ਲਈ ਕਦਮ ਚੁੱਕੇ ਜਾਣਗੇ ਅਤੇ 50,000 ਲੱਖ ਕੈਮਰੇ ਲਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ‘ਰਾਈਟ-ਟੂ-ਰੀਕਾਲ’ (ਵਾਪਸ ਬੁਲਾਉਣ ਦਾ ਅਧਿਕਾਰ) ਕਾਨੂੰਨ ਬਣਾਏ, ਤਾਂ ਜੋ ਜਦੋਂ ਲੋਕਾਂ ਦੀਆਂ ਉਮੀਦਾਂ ‘ਤੇ ਲੋਕ ਪ੍ਰਤੀਨਿਧੀ ਖਰੇ ਨਾ ਉਤਰਨ, ਤਾਂ ਉਨ੍ਹਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੋਵੇ।
ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ, ਨਾ ਭਾਜਪਾ ਅਤੇ ਨਾ ਹੀ ਅਕਾਲੀ ਦਲ ਲੋਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰ ਸਕੀਆਂ ਹਨ। ਮੌਜੂਦਾ ‘ਆਪ’ ਸਰਕਾਰ ਵੀ ਇਸ ਮਾਮਲੇ ਵਿਚ ਅਸਫਲ ਰਹੀ ਹੈ, ਇਸ ਲਈ ਜਨਤਾ ਇਕ ਨਵਾਂ ਬਦਲ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ 5 ਜ਼ੋਨਾਂ ‘ਚ ਵੰਡਿਆ ਗਿਆ ਹੈ, ਜਿਸ ਵਿਚ ਮਾਝਾ, ਦੋਆਬਾ ਜ਼ੋਨ ਦੇ ਨਾਲ-ਨਾਲ ਮਾਲਵਾ ਦੇ 3 ਜ਼ੋਨ ਸ਼ਾਮਲ ਕੀਤੇ ਗਏ ਹਨ। ਅਸੀਂ ਹੁਣ ਤੱਕ 20 ਵਿਧਾਨ ਸਭਾ ਹਲਕਿਆਂ ਵਿਚ ਮੀਟਿੰਗਾਂ ਕੀਤੀਆਂ ਹਨ ਅਤੇ ਅਕਤੂਬਰ ਤਕ 117 ਵਿਧਾਨ ਸਭਾ ਹਲਕਿਆਂ ‘ਚ ਮੀਟਿੰਗਾਂ ਕਰਾਂਗੇ।
ਚੋਣ ਮੈਦਾਨ ‘ਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੀ ਅਦਾਲਤ ਵਿਚ ਜਾ ਕੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਦੇਣ ਲਈ ਕਹਾਂਗੇ, ਤਾਂ ਜੋ ਉਹ ਜਨਤਾ ਪ੍ਰਤੀ ਜਵਾਬਦੇਹ ਰਹਿਣ। ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਸਿਰ ‘ਤੇ ਹਮੇਸ਼ਾ ਤਬਾਦਲਿਆਂ ਦੀ ਤਲਵਾਰ ਲਟਕਦੀ ਰਹਿੰਦੀ ਹੈ, ਅਸੀਂ ਸੱਤਾ ਵਿਚ ਆ ਕੇ ਅਧਿਕਾਰੀਆਂ ਦੀ ਤਾਇਨਾਤੀ ਦੀ ਮਿਆਦ ਤੈਅ ਕਰਾਂਗੇ, ਤਾਂ ਜੋ ਉਹ ਸਹੀ ਢੰਗ ਨਾਲ ਕੰਮ ਕਰ ਸਕਣ।