#PUNJAB

ਪੰਜਾਬ ‘ਚ ਸਿਆਸੀ ਸਰਵੇਖਣ ਫੋਨ ਕਾਲਾਂ ਨੇ ਵੋਟਰਾਂ ਨੂੰ ਕੀਤਾ ਪਰੇਸ਼ਾਨ!

-ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਕੰਪਿਊਟਰਾਈਜ਼ਡ ਕਾਲਾਂ ਰਾਹੀਂ ਪੁੱਛੀ ਜਾ ਰਹੀ ਹੈ ਲੋਕਾਂ ਦੀ ਪਸੰਦ
ਬਠਿੰਡਾ, 23 ਜੂਨ (ਪੰਜਾਬ ਮੇਲ) ਪੰਜਾਬ ਵਿਚ ਅਗਲੇ ਸਾਲ ਫਰਵਰੀ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਗਲਿਆਰਿਆਂ ਵਿਚ ਹਲਚਲ ਤੇਜ਼ ਹੋ ਗਈ ਹੈ, ਉੱਥੇ ਹੀ ਆਮ ਲੋਕਾਂ ਦੇ ਮੋਬਾਈਲ ਫੋਨਾਂ ‘ਤੇ ਆਟੋਮੇਟਿਡ (ਕੰਪਿਊਟਰਾਈਜ਼ਡ) ਸਿਆਸੀ ਸਰਵੇਖਣ ਕਾਲਾਂ ਆਉਣ ਦਾ ਸਿਲਸਿਲਾ ਵੀ ਵੱਡੇ ਪੱਧਰ ‘ਤੇ ਸ਼ੁਰੂ ਹੋ ਚੁੱਕਾ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਅਜਿਹੀਆਂ ਕਈ ਫੋਨ ਕਾਲਾਂ ਆ ਰਹੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਸਿਆਸੀ ਪਸੰਦ ਅਤੇ ਵੋਟਿੰਗ ਦੇ ਰੁਝਾਨ ਬਾਰੇ ਪੁੱਛਿਆ ਜਾ ਰਿਹਾ ਹੈ।
ਮੋਬਾਈਲ ਯੂਜ਼ਰਸ ਮੁਤਾਬਕ ਇਨ੍ਹਾਂ ਕੰਪਿਊਟਰਾਈਜ਼ਡ ਫੋਨ ਕਾਲਾਂ ਵਿਚ ਪਹਿਲਾਂ ਤੋਂ ਰਿਕਾਰਡ ਕੀਤੀ ਆਵਾਜ਼ ਰਾਹੀਂ ਵੋਟਰਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ‘ਜੇਕਰ ਅੱਜ ਚੋਣਾਂ ਹੋਣ ਤਾਂ ਉਹ ਕਿਸ ਪਾਰਟੀ ਨੂੰ ਵੋਟ ਪਾਉਣਗੇ?’। ਇਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਲਈ ਕੋਡ ਦੱਸੇ ਜਾਂਦੇ ਹਨ- ਜਿਵੇਂ ਕਾਂਗਰਸ ਲਈ ਇੱਕ, ਆਮ ਆਦਮੀ ਪਾਰਟੀ ਲਈ ਦੋ, ਭਾਰਤੀ ਜਨਤਾ ਪਾਰਟੀ ਲਈ ਤਿੰਨ, ਸ਼੍ਰੋਮਣੀ ਅਕਾਲੀ ਦਲ ਲਈ ਚਾਰ ਅਤੇ ਕਿਸੇ ਹੋਰ ਪਾਰਟੀ ਲਈ ਪੰਜ ਨੰਬਰ ਦਾ ਬਟਨ ਦਬਾਉਣ ਲਈ ਕਿਹਾ ਜਾਂਦਾ ਹੈ।
ਹਾਲਾਂਕਿ ਚੋਣਾਂ ਤੋਂ ਪਹਿਲਾਂ ਅਜਿਹੇ ਸਰਵੇਖਣ ਆਮ ਗੱਲ ਹਨ, ਪਰ ਇਸ ਵਾਰ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਇਨ੍ਹਾਂ ਕਾਲਾਂ ਦੀ ਵਧਦੀ ਗਿਣਤੀ ਨੇ ਲੋਕਾਂ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਬਠਿੰਡਾ ਦੀ ਰਹਿਣ ਵਾਲੀ ਘਰੇਲੂ ਮਹਿਲਾ ਈਸ਼ਾ ਚਲਾਨਾ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ, ”ਮੈਨੂੰ ਹਰ ਰੋਜ਼ ਘੱਟੋ-ਘੱਟ ਦੋ ਤੋਂ ਤਿੰਨ ਅਜਿਹੀਆਂ ਸਿਆਸੀ ਫੋਨ ਕਾਲਾਂ ਆ ਰਹੀਆਂ ਹਨ। ਚੋਣਾਂ ਅਗਲੇ ਸਾਲ ਫਰਵਰੀ ਵਿਚ ਹੋਣੀਆਂ ਹਨ, ਪਰ ਹੁਣੇ ਤੋਂ ਹੀ ਇਨ੍ਹਾਂ ਫੋਨਾਂ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕੁਝ ਸਿਆਸਤਦਾਨਾਂ ਦੇ ਦਾਅਵਿਆਂ ਮੁਤਾਬਕ ਚੋਣਾਂ ਨਵੰਬਰ ਵਿਚ ਵੀ ਹੋਣ, ਤਾਂ ਵੀ ਅਜੇ ਬਹੁਤ ਸਮਾਂ ਬਾਕੀ ਹੈ।” ਇਸੇ ਤਰ੍ਹਾਂ ਇੱਕ ਨੌਜਵਾਨ ਅਤੇ ਬਜ਼ੁਰਗ ਵਰਗ ਨੇ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੇ ਚੋਣਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ ਦਿਨੋਂ-ਦਿਨ ਇਨ੍ਹਾਂ ਸਰਵੇਖਣ ਕਾਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਬੇਹੱਦ ਤੰਗ ਕਰਨ ਵਾਲੀ ਹੈ।
ਸਿਆਸੀ ਮਾਹਰਾਂ ਅਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜਿਹੇ ਡਿਜ਼ੀਟਲ ਸਰਵੇਖਣ ਅਕਸਰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਪੇਸ਼ੇਵਰ ਚੋਣ ਰਣਨੀਤੀਕਾਰ ਏਜੰਸੀਆਂ ਵੱਲੋਂ ਕਰਵਾਏ ਜਾਂਦੇ ਹਨ। ਇਨ੍ਹਾਂ ਆਟੋਮੇਟਿਡ ਆਈ.ਵੀ.ਆਰ. ਕਾਲਾਂ ਦਾ ਮੁੱਖ ਮਕਸਦ ਚੋਣਾਂ ਤੋਂ ਪਹਿਲਾਂ ਜਨਤਾ ਦਾ ਮੂਡ (ਲੋਕ ਰਾਇ) ਭਾਪਣਾ, ਇਲਾਕੇ ਦੇ ਮੁੱਖ ਮੁੱਦਿਆਂ ਦੀ ਪਛਾਣ ਕਰਨਾ ਅਤੇ ਵੱਖ-ਵੱਖ ਪਾਰਟੀਆਂ ਜਾਂ ਸੰਭਾਵਿਤ ਉਮੀਦਵਾਰਾਂ ਦੀ ਲੋਕਪ੍ਰਿਅਤਾ ਦਾ ਮੁਲਾਂਕਣ ਕਰਨਾ ਹੁੰਦਾ ਹੈ, ਤਾਂ ਜੋ ਉਸੇ ਹਿਸਾਬ ਨਾਲ ਚੋਣ ਮੁਹਿੰਮ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ।