#PUNJAB

ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ‘ਤੇ ਪਾਬੰਦੀ

– ਫਿਲਮ ਓ.ਟੀ.ਟੀ. ਤੋਂ ਹਟਾਏ ਜਾਣ ਬਾਅਦ ਭਾਜਪਾ ਮੁੜ ਨਿਸ਼ਾਨੇ ‘ਤੇ ਆਈ
– ਪਾਬੰਦੀ ਪੰਜਾਬ ਪ੍ਰਤੀ ਨਫ਼ਰਤ ਦਾ ਪ੍ਰਮਾਣ: ਕੰਗ; ਕਾਂਗਰਸ ਨੇ ਵੱਟੀ ਚੁੱਪ
ਚੰਡੀਗੜ੍ਹ, 7 ਜੁਲਾਈ  (ਪੰਜਾਬ ਮੇਲ)- ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾਏ ਜਾਣ ਮਗਰੋਂ ਭਾਜਪਾ ਮੁੜ ਨਿਸ਼ਾਨੇ ‘ਤੇ ਆ ਗਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇਹ ਪੈਂਤੜਾ ਸਿਆਸੀ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਇੱਕ ਬੰਨ੍ਹੇ ਭਾਜਪਾ ਚੋਣਾਂ ਦੇ ਮੱਦੇਨਜ਼ਰ ਲੋਕ ਮਨਾਂ ‘ਚੋਂ ਪਾਰਟੀ ਪ੍ਰਤੀ ਦੂਰੀਆਂ ਘਟਾਉਣ ਲਈ ਜ਼ੋਰ ਲਾ ਰਹੀ ਹੈ, ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਰੋਕ ਲੱਗਣ ਮਗਰੋਂ ਪੰਜਾਬ ਭਰ ‘ਚ ਸੋਸ਼ਲ ਮੀਡੀਆ ‘ਤੇ ਫਿਲਮ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਨਵੀਂ ਪੀੜ੍ਹੀ ਦੀ ਇਸ ‘ਚ ਦਿਲਚਸਪੀ ਵਧ ਗਈ ਹੈ।
ਕਾਂਗਰਸ ਪਾਰਟੀ ਨੇ ਹਾਲੇ ਇਸ ਫਿਲਮ ਦੇ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ; ਬਾਕੀ ਸਿਆਸੀ ਪਾਰਟੀਆਂ ਨੇ ਭਾਜਪਾ ਨੂੰ ਘੇਰਿਆ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਭਾਜਪਾ ਦੀ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਨਾਲ ਭਾਜਪਾ ਦਾ ਅਸਲ ਚਿਹਰਾ ਬੇਪਰਦ ਹੋ ਗਿਆ ਹੈ ਤੇ ਪਾਰਟੀ ਦੀ ਪੰਜਾਬ ਪ੍ਰਤੀ ਨਫ਼ਰਤ ਦੀ ਇਹ ਸਪੱਸ਼ਟ ਝਲਕ ਹੈ। ਜਦੋਂ ਕੋਈ ਮੁਲਕ ਆਪਣੇ ਇਤਿਹਾਸ ਤੋਂ ਡਰਨ ਲੱਗ ਪੈਂਦਾ ਹੈ, ਤਾਂ ਸੈਂਸਰਸ਼ਿਪ ਉਸ ਦਾ ਖ਼ਤਰਨਾਕ ਹਥਿਆਰ ਬਣ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਫਿਲਮ ਬਿਨਾਂ ਦੇਰੀ ਬਹਾਲ ਕੀਤੀ ਜਾਵੇ। ਇਹ 1980-90 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਅਤੇ ਜਸਵੰਤ ਸਿੰਘ ਖਾਲੜਾ ਦੇ ਦਲੇਰਾਨਾ ਸੰਘਰਸ਼ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਕੇਰਲਾ ਸਟੋਰੀ’ ਵਰਗੀਆਂ ਫਿਲਮਾਂ ਨੂੰ ਬਿਨਾਂ ਕਿਸੇ ਰੋਕ ਤੋਂ ਪ੍ਰਮੋਟ ਕੀਤਾ ਜਾਂਦਾ ਹੈ ਪਰ ਜਦੋਂ ਕੋਈ ਫਿਲਮ ਪੰਜਾਬ ‘ਚ ਹੋਏ ਅੱਤਿਆਚਾਰਾਂ ਬਾਰੇ ਸਵਾਲ ਖੜ੍ਹੀ ਕਰਦੀ ਹੈ, ਤਾਂ ਉਸ ਨੂੰ ਗ਼ਾਇਬ ਕਰ ਦਿੱਤਾ ਜਾਂਦਾ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਨੂੰ ਸੱਚ ਤੋਂ ਇਨ੍ਹਾਂ ਡਰ ਕਿਉਂ ਲੱਗਦਾ ਹੈ? ਭਾਜਪਾ ਵੱਲੋਂ ਕਾਂਗਰਸ ਦੇ ਪਾਪ ਦਬਾਉਣ ਲਈ ਇਹ ਪਰਦਾ ਕਿਉਂ ਪਾਇਆ ਗਿਆ ਹੈ? ਕਿਤੇ ਕੋਈ ਅੰਦਰੂਨੀ ਸਮਝੌਤਾ ਤਾਂ ਨਹੀਂ। ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਆਰ.ਐੱਸ. ਚੀਮਾ ਨੇ ਕਿਹਾ ਕਿ ਖਾਲੜਾ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀ ਅਤੇ ਅਦਾਲਤ ਨੇ ਮੋਹਰ ਲਾਈ ਸੀ ਕਿ ਜਸਵੰਤ ਸਿੰਘ ਖਾਲੜਾ ਦੀ ਪੁਲਿਸ ਅਧਿਕਾਰੀਆਂ ਨੇ ਹੱਤਿਆ ਕੀਤੀ ਸੀ। ਹੁਣ ਖਾਲੜਾ ਦੀ ਜ਼ਿੰਦਗੀ ‘ਤੇ ਬਣੀ ਫਿਲਮ ਦਿਖਾਉਣ ‘ਚ ਕੀ ਗ਼ਲਤ ਹੈ? ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਪੁਰਾਣੇ ਜ਼ਖ਼ਮ ਚੀਰਦੀਆਂ ਹਨ, ਜਿਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਤੋਂ ਬਚਣਾ ਬਿਹਤਰ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਫਿਲਮ ਵਾਪਸ ਲੈਣੀ ਸਾਰਿਆਂ ਦੇ ਭਲੇ ਲਈ ਹੈ। ਅਜਿਹੀਆਂ ਫਿਲਮਾਂ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਪ੍ਰਵਿਰਤੀ ਰੱਖਦੀਆਂ ਹਨ।