* 4 ਸਾਲ ਪਹਿਲਾਂ ਨਵ ਜੰਮੀ ਬੱਚੀ ਨੂੰ ਲਿਫ਼ਾਫੇ ‘ਚ ਬੰਦ ਕਰਕੇ ਸੁੱਟਿਆ ਸੀ ਜੰਗਲ ਵਿਚ
ਸੈਕਰਾਮੈਂਟੋ, 24 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ਰਾਜ ਵਿਚ ਪੁਲਿਸ ਵੱਲੋਂ ਤਕਰੀਬਨ 4 ਸਾਲ ਪਹਿਲਾਂ ਪਲਾਸਟਿਕ ਦੇ ਲਿਫ਼ਾਫੇ ਵਿਚ ਬੰਦ ਜੰਗਲੀ ਖੇਤਰ ਵਿਚੋਂ ਬਰਾਮਦ ਕੀਤੀ ਨਵ ਜੰਮੀ ਬੱਚੀ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕਰਨ ਦੀ ਖਬਰ ਹੈ। ਪੁਲਿਸ ਨੇ ਬੱਚੀ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਵਿਚ ਪ੍ਰਤੱਖ ਤੌਰ ‘ਤੇ ਜਜ਼ਬਾਤੀ ਨਜ਼ਰ ਆ ਰਹੇ ਫੋਰਸਿਥ ਕਾਊਂਟੀ ਦੇ ਸ਼ੈਰਿਫ ਰੋਨ ਫਰੀਮੈਨ ਨੇ ਕਿਹਾ ਕਿ ਭਾਰਤੀ ਮੂਲ ਦੀ 40 ਸਾਲਾ ਮਾਂ ਕਰੀਮਾ ਜਿਵਾਨੀ ਨੂੰ ਕਤਲ ਦੀ ਕੋਸ਼ਿਸ਼, ਬੱਚਿਆਂ ਪ੍ਰਤੀ ਨਿਰਦਈਪੁਣਾ ਵਰਤਣ ਤੇ ਹੋਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਰੀਮੈਨ ਨੇ ਕਿਹਾ ਕਿ ਡੀ.ਐੱਨ.ਏ. ਰਾਹੀਂ ਕਰੀਮਾ ਜਿਵਾਨੀ ਦੀ ਬੱਚੀ ਦੀ ਜੈਵਿਕ ਮਾਂ ਵਜੋਂ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 10 ਮਹੀਨੇ ਪਹਿਲਾਂ ਬੱਚੀ ਦੇ ਪਿਤਾ ਦੀ ਡੀ.ਐੱਨ.ਏ. ਰਾਹੀਂ ਪਛਾਣ ਕੀਤੀ ਗਈ ਸੀ। ਉਸ ਤੋਂ ਬਾਅਦ ਜਿਵਾਨੀ ਤੋਂ ਪੁੱਛਗਿੱਛ ਕੀਤੀ ਗਈ ਸੀ। ਬੱਚੀ ਦੇ ਪਿਤਾ ਜਿਸ ਦੇ ਨਾਂ ਦਾ ਖੁਲਾਸਾ ਪੁਲਿਸ ਨੇ ਨਹੀਂ ਕੀਤਾ, ਵਿਰੁੱਧ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੇ ਮਿਲੇ ਵੇਰਵੇ ਅਨੁਸਾਰ 6 ਜੂਨ, 2019 ਨੂੰ ਕਮਿੰਗ ਸ਼ਹਿਰ ਤੋਂ ਇਕ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਨੇ ਤੇ ਉਸ ਦੇ ਬੱਚਿਆਂ ਨੇ ਸਥਾਨਕ ਡੇਵਸ ਕਰੀਕ ਰੋਡ ਦੇ 1900 ਬਲਾਕ ਨੇੜੇ ਜੰਗਲ ਵਿਚੋਂ ਕਿਸੇ ਬੱਚੇ ਦੇ ਚਿਲਾਉਣ ਦੀ ਆਵਾਜ਼ ਸੁਣੀ ਹੈ। ਡਿਪਟੀ ਟੈਰੀ ਰੋਪਰ ਨੇ ਮੌਕੇ ‘ਤੇ ਪੁੱਜ ਕੇ ਝਾੜੀਆਂ ਵਿਚੋਂ ਇਕ ਪਲਾਸਟਿਕ ਦੇ ਲਿਫ਼ਾਫੇ ਵਿਚ ਬੰਦ ਨਵ ਜੰਮੀ ਬੱਚੀ ਨੂੰ ਬਰਾਮਦ ਕਰਕੇ ਤੁਰੰਤ ਇਕ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਹਸਪਤਾਲ ਦੇ ਸਟਾਫ਼ ਨੇ ਇਸ ਬੱਚੀ ਦਾ ਨਾਂ ‘ਬੇਬੀ ਇੰਡੀਆ’ ਰੱਖਿਆ। ਫਰੀਮੈਨ ਨੇ ਕਿਹਾ ਕਿ ‘ਬੇਬੀ ਇੰਡੀਆ’ ਦੇ ਨਾਂ ਨਾਲ ਜਾਣੀ ਜਾਂਦੀ ਇਹ ਬੱਚੀ ਹੁਣ 4 ਸਾਲ ਦੀ ਹੈ ਤੇ ਬਿਲਕੁੱਲ ਤੰਦਰੁਸਰਤ ਹੈ।