ਪਿਛਲੇ 6 ਮਹੀਨਿਆਂ ਦਾ ਤੋੜਿਆ ਰਿਕਾਰਡ
ਵੈਨਕੂਵਰ, 9 ਮਈ (ਪੰਜਾਬ ਮੇਲ)– ਕੈਨੇਡਾ ‘ਚ ਪ੍ਰਵਾਸੀਆਂ ਦੀ ਵਧਦੀ ਜਾ ਰਹੀ ਗਿਣਤੀ ਦੀ ਮਾਰ ਨੌਕਰੀਆਂ ‘ਤੇ ਹੁਣ ਸਾਫ਼ ਦਿਖਾਈ ਦੇਣ ਲੱਗੀ ਹੈ, ਜਿਸ ਕਾਰਨ ਬੇਰੁਜ਼ਗਾਰੀ ਦੀ ਸਥਿਤੀ ਹੋਰ ਚਿੰਤਾਜਨਕ ਬਣਦੀ ਨਜ਼ਰ ਆ ਰਹੀ ਹੈ। ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਦੌਰਾਨ ਦੇਸ਼ ਵਿਚ ਕੁੱਲ 17,700 ਨੌਕਰੀਆਂ ਘੱਟ ਹੋਈਆਂ ਹਨ, ਜਿਸ ਕਾਰਨ ਬੇਰੁਜ਼ਗਾਰੀ ਦਰ ਵਧ ਕੇ 6.9 ਫੀਸਦੀ ਤੱਕ ਪਹੁੰਚ ਗਈ ਹੈ, ਜੋ ਪਿਛਲੇ 6 ਮਹੀਨਿਆਂ ਵਿਚ ਸਭ ਤੋਂ ਉੱਚਾ ਪੱਧਰ ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਅਸਰ ਫੁੱਲ-ਟਾਈਮ ਨੌਕਰੀਆਂ ‘ਤੇ ਪਿਆ ਹੈ। ਹਾਲਾਂਕਿ ਪਾਰਟ-ਟਾਈਮ ਨੌਕਰੀਆਂ ਵਿਚ ਕੁਝ ਵਾਧਾ ਵੀ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਉਤਪਾਦਨ ਅਤੇ ਨਿਰਮਾਣ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ਼, ਵਪਾਰਕ ਅਨਿਸ਼ਚਿਤਤਾ ਅਤੇ ਤੇਲ-ਗੈਸ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਾਰੋਬਾਰੀ ਨਵੀਆਂ ਭਰਤੀਆਂ ਕਰਨ ਤੋਂ ਹਿਚਕਿਚਾ ਰਹੇ ਹਨ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ 14.3 ਫੀਸਦੀ ਤੱਕ ਪਹੁੰਚ ਗਈ ਹੈ, ਜਿਸ ਨੂੰ ਲੈ ਕੇ ਆਰਥਿਕ ਮਾਹਿਰਾਂ ਨੇ ਚਿੰਤਾ ਜਤਾਈ ਹੈ। ਆਰਥਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੈਨੇਡਾ ਦਾ ਰੁਜ਼ਗਾਰ ਬਾਜ਼ਾਰ ਇਸ ਸਮੇਂ ਦਬਾਅ ਹੇਠ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ ਵੀ ਸਥਿਤੀ ਵਿੱਚ ਤੁਰੰਤ ਵੱਡੇ ਸੁਧਾਰ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ।
ਕੈਨੇਡਾ ‘ਚ ਵਧਦੀ ਬੇਰੁਜ਼ਗਾਰੀ ਹੋਈ ਚਿੰਤਾਜਨਕ!

