ਵੈਨਕੂਵਰ, 22 ਜੂਨ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਦੀ ਪੀਲ ਪੁਲਿਸ ਨੇ ਭਾਰਤੀ ਮੂਲ ਦੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਬੈਂਕਾਂ ਦੇ ਏ.ਟੀ.ਐੱਮ. ‘ਚੋਂ ਪੈਸੇ ਕਢਵਾਉਣ ਆਉਣ ਵਾਲੇ ਬਜ਼ੁਰਗਾਂ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਜਾਂਦਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 34 ਸਾਲਾ ਸੁਰੇਸ਼ ਕੁਮਾਰਮ ਰਾਜਾਪੂਰਥੀਨਮ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਵਿਅਕਤੀ ਅਕਸਰ ਬੈਂਕਾਂ ਦੇ ਏ.ਟੀ.ਐੱਮ. ਕੋਲ ਖੜ੍ਹਾ ਰਹਿੰਦਾ ਸੀ ਅਤੇ ਕਿਸੇ ਬਜ਼ੁਰਗ ਵੱਲੋਂ ਪੈਸੇ ਕਢਵਾਉਣ ਦੀ ਤਾਕ ਵਿਚ ਰਹਿੰਦਾ ਸੀ। ਜਿਵੇਂ ਹੀ ਕੋਈ ਬਜ਼ੁਰਗ ਜਾਂ ਵੱਡੀ ਉਮਰ ਦਾ ਆਦਮੀ ਜਾਂ ਔਰਤ ਪੈਸੇ ਕਢਵਾ ਕੇ ਗਿਣਨ ਲੱਗਦੇ, ਇਹ ਮੁਲਜ਼ਮ ਝਪਟਾ ਮਾਰ ਕੇ ਨਕਦੀ ਖੋਹ ਲੈਂਦਾ ਅਤੇ ਉੱਥੋਂ ਭੱਜ ਜਾਂਦਾ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਉਸ ਨੇ ਕਈ ਬਜ਼ੁਰਗਾਂ ਨਾਲ ਇਸ ਤਰ੍ਹਾਂ ਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਸੀ.ਸੀ.ਟੀ.ਵੀ. ਕੈਮਰਿਆਂ ਦੀ ਅੱਖ ਤੋਂ ਬਚਣ ਲਈ ਉਹ ਹਮੇਸ਼ਾ ਮਾਸਕ ਪਾ ਕੇ ਰੱਖਦਾ ਸੀ।
ਪੀਲ ਪੁਲਿਸ ਦੇ ਜੁਰਮ ਜਾਂਚ ਬਿਊਰੋ ਨੇ ਵਾਰਦਾਤ ਵਾਲੀਆਂ ਥਾਵਾਂ ਦੇ ਨੇੜੇ ਲੱਗੇ ਕੈਮਰਿਆਂ ਦੀ ਬਾਰੀਕੀ ਨਾਲ ਘੋਖ ਕਰਕੇ ਮੁਲਜ਼ਮ ਦੀ ਫ਼ੋਟੋ ਹਾਸਲ ਕਰ ਲਈ ਸੀ, ਪਰ ਉਸ ਦੇ ਪੱਕੇ ਟਿਕਾਣੇ ਦਾ ਪਤਾ ਨਾ ਹੋਣ ਕਰਕੇ ਉਸ ਨੂੰ ਫੜਨ ਵਿਚ ਥੋੜ੍ਹੀ ਦੇਰ ਲੱਗੀ। ਪੁਲਿਸ ਬੁਲਾਰੇ ਨੇ ਦੱਸਿਆ ਕਿ ਫ਼ੋਟੋ ਮਿਲਣ ਤੋਂ ਬਾਅਦ ਉਸ ਵਰਗੇ ਹੁਲੀਏ ਵਾਲੇ ਸ਼ੱਕੀ ਲੋਕਾਂ ਦੀ ਪਛਾਣ ਕੀਤੀ ਗਈ ਅਤੇ ਫਿਰ ਉਸ ਨੂੰ ਦਬੋਚ ਲਿਆ ਗਿਆ।
ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣਾ ਉਸ ਲਈ ਬਹੁਤ ਸੁਖਾਲਾ (ਸੌਖਾ) ਹੁੰਦਾ ਸੀ। ਪੁਲਿਸ ਵੱਲੋਂ ਸੁਰੇਸ਼ ਕੁਮਾਰਮ ਦੀ ਫ਼ੋਟੋ ਵੀ ਜਾਰੀ ਕੀਤੀ ਗਈ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।
ਕੈਨੇਡਾ ‘ਚ ਓਨਟਾਰੀਓ ਪੁਲਿਸ ਵੱਲੋਂ ਬਜ਼ੁਰਗਾਂ ਤੋਂ ਨਗਦੀ ਖੋਹਣ ਵਾਲਾ ਭਾਰਤੀ ਗ੍ਰਿਫ਼ਤਾਰ

