ਸਰੀ (ਕੈਨੇਡਾ), 4 ਮਾਰਚ (ਪੰਜਾਬ ਮੇਲ)- ਬਾਬਾ ਫ਼ਰੀਦ ਫਾਉਂਡੇਸ਼ਨ ਇੰਟਰਨੈਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ 44 ਸਾਲਾ ਸਪੁੱਤਰ ਰਘਬੀਰ ਸਿੰਘ ਭਰੋਵਾਲ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਘਬੀਰ ਸਿੰਘ ਭਰੋਵਾਲ ਪਿਛਲੇ ਲੰਮੇ ਸਮੇਂ ਤੋਂ ਮੋਟਰਸਾਈਕਲ ‘ਤੇ ਸੰਸਾਰ ਭਰ ਦੀ ਯਾਤਰਾ ਕਰ ਰਹੇ ਸਨ। ਇਸੇ ਯਾਤਰਾ ਦੌਰਾਨ ਜਦੋਂ ਉਹ ਪੀਰੂ ਦੇਸ਼ ਵਿਖੇ ਪਹੁੰਚੇ, ਤਾਂ ਅਚਾਨਕ ਇਕ ਮੋੜ ਕੱਟਦਿਆਂ ਹੋਇਆਂ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਰਘਬੀਰ ਸਿੰਘ ਭਰੋਵਾਲ ਨੇ ਸੰਸਾਰ ਯਾਤਰਾ ਦੀ ਵੀਡੀਓ ਤਿੰਨ ਦਿਨ ਪਹਿਲਾਂ ਪਾਈ ਸੀ। ਇਸ ਮਗਰੋਂ ਉਨ੍ਹਾਂ ਦਾ ਘਰਦਿਆਂ ਨਾਲ ਸੰਪਰਕ ਵੀ ਟੁੱਟ ਗਿਆ ਸੀ।
ਰਘਵੀਰ ਸਿੰਘ ਭਰੋਵਾਲ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਗ੍ਰੈਜੂਏਟ ਸਨ ਤੇ ਬਾਅਦ ਵਿਚ ਵਿੰਡਸਰ ਕੈਨੇਡਾ ਤੋਂ ਇਨ੍ਹਾਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ।
ਰਘਬੀਰ ਸਿੰਘ ਭਰੋਵਾਲ ਪਿਛਲੇ ਲੰਮੇਂ ਸਮੇਂ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਸਪੁੱਤਰ ਨੂੰ ਰੌਂਦਿਆਂ ਕੁਰਲਾਉਂਦਿਆਂ ਛੱਡ ਗਏ ਹਨ।
ਰਘਬੀਰ ਸਿੰਘ ਭਰੋਵਾਲ ਇਕ ਸੱਚੇ-ਸੁੱਚੇ ਇਨਸਾਨ ਸਨ ਅਤੇ ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਦੀਨ ਦੁਖੀਆਂ ਦੀ ਆਵਾਜ਼ ਉਠਾਉਂਦੇ ਰਹੇ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਰੱਖੀ। ਉਹ ਕਹਿਣੀ ਤੇ ਕਥਨੀ ਦੇ ਪੱਕੇ ਸਨ। ਕੈਨੇਡਾ ਵਿਚ ਉਹ ਇਮੀਗ੍ਰੇਸ਼ਨ ਨਾਲ ਸੰਬੰਧਤ ਕਾਰੋਬਾਰ ਕਰਦੇ ਸਨ ਅਤੇ ਆਮ ਲੋਕਾਂ ਵਿਚ ਉਨ੍ਹਾਂ ਦਾ ਕਾਫੀ ਪ੍ਰਭਾਵ ਸੀ।
ਉਨ੍ਹਾਂ ਦੇ ਪਿਤਾ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਵੀ ਪਿਛਲੇ ਲੰਮੇ ਸਮੇਂ ਤੋਂ ਸਿੱਖ ਰਾਜਨੀਤੀ ‘ਚ ਸਰਗਰਮ ਹਨ। ਇਸ ਮੌਕੇ ਜਥੇਦਾਰ ਭਰੋਵਾਲ ਆਪਣੇ ਸ਼ਹਿਰ ਲੁਧਿਆਣਾ ਗਏ ਹੋਏ ਸਨ। ਇਹ ਮੰਦਭਾਗੀ ਖਬਰ ਉਨ੍ਹਾਂ ਨੂੰ ਉਥੇ ਹੀ ਮਿਲੀ ਹੈ। ਉਧਰੋਂ ਜੰਗ ਦੇ ਹਾਲਾਤ ਕਾਰਨ ਉਨ੍ਹਾਂ ਨੂੰ ਵਾਪਸ ਸਰੀ, ਕੈਨੇਡਾ ਆਉਣ ਲਈ ਫਲਾਈਟ ਲੈਣ ਵਿਚ ਮੁਸ਼ਕਲ ਆ ਰਹੀ ਹੈ, ਜਦਕਿ ਰਘਬੀਰ ਸਿੰਘ ਭਰੋਵਾਲ ਦੀ ਮ੍ਰਿਤਕ ਦੇਹ ਵੀ ਹਾਲੇ ਪੀਰੂ ਵਿਖੇ ਹੀ ਹੈ।
ਅਦਾਰਾ ਪੰਜਾਬ ਮੇਲ ਯੂ.ਐੱਸ.ਏ. ਵੱਲੋਂ ਰਘਬੀਰ ਸਿੰਘ ਭਰੋਵਾਲ ਦੀ ਇਸ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਪੰਜਾਬ ਮੇਲ ਯੂ.ਐੱਸ.ਏ. ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਪਰਿਵਾਰ ਨਾਲ ਪਿਛਲੇ ਲੰਮੇ ਸਮੇਂ ਤੋਂ ਮੇਰੇ ਨਿੱਜੀ ਸੰਬੰਧ ਹਨ।
ਉੱਘੇ ਸਿੱਖ ਚਿੰਤਕ ਰਘਬੀਰ ਸਿੰਘ ਭਰੋਵਾਲ ਦੀ ਮੋਟਰਸਾਈਕਲ ‘ਤੇ ਸੰਸਾਰ ਯਾਤਰਾ ਦੌਰਾਨ ਸੜਕ ਹਾਦਸੇ ‘ਚ ਹੋਈ ਮੌਤ

