#AMERICA

ਅਮਰੀਕਾ ਵਿਚ ਪੁਲਿਸ ਵਲੋਂ ਗਲਤ ਪਤੇ ‘ਤੇ ਪਹੁੰਚ ਕੇ ਕੀਤੀ ਫਾਇਰਿੰਗ ਵਿਚ ਇਕ ਦੀ ਮੌਤ, ਜਾਂਚ ਦੇ ਆਦੇਸ਼

ਸੈਕਰਾਮੈਂਟੋ, 10 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿਚ  ਪੁਲਿਸ ਵੱਲੋਂ ਗਲਤ ਪਤੇ ‘ਤੇ ਪਹੁੰਚ ਕੇ ਕੀਤੀ ਫਾਇਰਿੰਗ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ। ਸਥਾਨਕ ਤੇ ਸਟੇਟ ਪੁਲਿਸ ਅਨੁਸਾਰ ਫਰਮਿੰਗਟਨ ਪੁਲਿਸ ਵਿਭਾਗ ਦੇ ਅਫਸਰ ਫੋਨ ਉਪਰ ਘਰੇਲੂ ਝਗੜੇ ਦੀ ਮਿਲੀ ਸੂਚਨਾ ‘ਤੇ ਦਸੇ ਪਤੇ ਦੀ ਥਾਂ ਰਾਬਰਟ ਡੌਸਟਨ (52) ਨਾਮੀ ਵਿਅਕਤੀ ਦੇ ਘਰ ਪਹੁੰਚ ਗਏ। ਫਰਮਿੰਗਟਨ ਪੁਲਿਸ ਵਿਭਾਗ ਦੇ ਮੁਖੀ ਸਟੀਵ ਹੈਬ ਨੇ ਜਾਰੀ ਇਕ ਵੀਡੀਓ ਬਿਆਨ ਵਿਚ ਕਿਹਾ ਹੈ ਕਿ ਡੌਸਟਨ ਨੇ ਫੋਨ ਨਹੀਂ ਕੀਤਾ ਸੀ ਤੇ ਉਹ ਇਕ ਨਾਵਿਸ਼ਵਾਸ਼ ਕਰਨਯੋਗ ਘਟਨਾ ਦਾ ਸ਼ਿਕਾਰ ਹੋਇਆ ਹੈ। ਮੈਨੂੰ ਇਸ ਘਟਨਾ ਉਪਰ ਬੇਹੱਦ ਅਫਸੋਸ ਹੈ। ਉਨਾਂ ਕਿਹਾ ਕਿ ਫਾਇਰਿੰਗ ਦੀ ਵੀਡੀਓ ਇਕ ਹਫਤੇ ਵਿਚ ਜਾਰੀ ਕਰ ਦੇਣ ਦੀ ਆਸ ਹੈ। ਨਿਊ ਮੈਕਸੀਕੋ ਸਟੇਟ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਅਲਬੂਕੁਏਰਕੂ ਦੇ ਉਤਰ-ਪੱਛਮ ਵਿਚ ਤਕਰੀਬਨ 150 ਮੀਲ ਦੂਰ ਪੁਲਿਸ ਅਫਸਰ ਵੈਲੀ ਵਿਊ ਐਵਨਿਊ ਦੇ 5308 ਘਰ ਵਿਚ ਜਾਣ ਦੀ ਬਜਾਏ 5305 ਘਰ ਵਿਚ ਜਾ ਪਹੁੰਚੇ। ਦਰਵਾਜ਼ ਖੜਕਾਉਣ ‘ਤੇ ਕਿਸੇ ਨੇ ਵੀ ਅੰਦਰੋਂ ਜਵਾਬ ਨਹੀਂ ਦਿੱਤਾ। ਇਸੇ ਦੌਰਾਨ ਪੁਲਿਸ ਜਦੋਂ ਫੋਨ ਕਰਨ ਵਾਲੇ ਨਾਲ ਸੰਪਰਕ ਕਰਨ ਦੇ ਯਤਨ ਵਿਚ ਸੀ ਤਾਂ ਅੰਦਰੋਂ ਡੌਸਟਨ ਨੇ ਦਰਵਾਜ਼ਾ ਖੋਲਿਆ। ਉਸ ਦੇ ਹੱਥ ਵਿਚ ਹੈਂਡਗੰਨ ਵੇਖ ਕੇ ਘੱਟੋ ਘੱਟ ਇਕ ਪੁਲਿਸ ਅਫਸਰ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਡੋਸਟਨ ਦੀ ਮੌਕੇ ਉਪਰ ਹੀ ਮੌਤ ਹੋ ਗਈ। ਬਾਅਦ ਵਿਚ ਡੋਸਟਨ ਦੀ ਪਤਨੀ ਤੇ ਪੁਲਿਸ ਅਫਸਰਾਂ ਵਿਚਾਲੇ ਗੋਲੀਆਂ ਦਾ ਵਟਾਂਦਰਾ ਹੋਇਆ ਪਰੰਤੂ ਇਸ ਦੌਰਾਨ ਡੋਸਟਨ ਦੀ ਪਤਨੀ ਦਾ ਵਾਲ ਵਾਲ ਬਚਾਅ ਹੋ ਗਿਆ ਤੇ ਉਹ ਜ਼ਖਮੀ ਨਹੀਂ ਹੋਈ। ਸਟੇਟ ਪੁਲਿਸ ਦੇ ਬਿਆਨ ਅਨੁਸਾਰ ਡੌਸਟਨ ਦੀ ਪਤਨੀ ਨੂੰ ਜਦੋਂ ਅਹਿਸਾਸ ਹੋਇਆ ਕਿ ਇਹ ਸਟੇਟ ਪੁਲਿਸ ਹੈ ਤਾਂ ਉਸ ਨੇ ਗੰਨ ਜਮੀਨ ਉਪਰ ਸੁੱਟ ਦਿੱਤੀ ਤੇ ਪੁਲਿਸ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ। ਪੁਲਿਸ ਨੇ ਇਸ ਕਾਰਵਾਈ ਵਿਚ ਸ਼ਾਮਿਲ ਪੁਲਿਸ ਅਫਸਰਾਂ ਦੇ ਨਾਂ ਜਨਤਿਕ ਤੌਰ ‘ਤੇ ਜਾਰੀ ਨਹੀਂ ਕੀਤੇ ਹਨ ਪਰੰਤੂ ਘਟਨਾ ਦੀ ਬਰੀਕੀ  ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਅਜੇ ਅਸਪੱਸ਼ਟ ਹੈ ਕਿ ਮੌਕੇ ‘ਤੇ ਕਿੰਨੇ ਪੁਲਿਸ ਅਫਸਰ ਮੌਜੂਦ ਸਨ ਤੇ ਕਿੰਨੇ ਪੁਲਿਸ ਅਫਸਰਾਂ ਨੇ ਗੋਲੀਆਂ ਚਲਾਈਆਂ। ਕੀ ਪੁਲਿਸ ਵੱਲੋਂ ਗੋਲੀ ਚਲਾਉਣ ਤੋਂ ਪਹਿਲਾਂ ਡੌਸਟਨ ਨੇ ਵੀ ਗੋਲੀ ਚਲਾਈ ਸੀ, ਇਹ ਵੀ ਅਜੇ ਸਪੱਸ਼ਟ ਨਹੀਂ ਹੈ।

Leave a comment