#INDIA

ਭਾਰਤੀ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ

-ਐੱਨ.ਸੀ.ਪੀ., ਟੀ.ਐੱਮ.ਸੀ. ਤੇ ਸੀ.ਪੀ.ਆਈ. ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ
ਨਵੀਂ ਦਿੱਲੀ, 10 ਅਪ੍ਰੈਲ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਅੱਜ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਨੈਸ਼ਨਲ ਕਾਂਗਰਸ ਪਾਰਟੀ (ਐੱਨ.ਸੀ.ਪੀ.), ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤੇ ਆਦੇਸ਼ ਵਿਚ ਉੱਤਰ ਪ੍ਰਦੇਸ਼ ਵਿਚ ਆਰ.ਐੱਲ.ਡੀ., ਆਂਧਰਾ ਪ੍ਰਦੇਸ਼ ਵਿਚ ਬੀ.ਆਰ.ਐੱਸ., ਮਨੀਪੁਰ ਵਿਚ ਪੀ.ਡੀ.ਏ., ਪੁਡੂਚੇਰੀ ਵਿਚ ਪੀ.ਐੱਮ.ਕੇ., ਪੱਛਮੀ ਬੰਗਾਲ ਵਿਚ ਆਰ.ਐੱਸ.ਪੀ. ਅਤੇ ਮਿਜ਼ੋਰਮ ਵਿਚ ਐੱਮ.ਪੀ.ਸੀ. ਦੀ ਸੂਬਾਈ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ ਗਈ ਹੈ। ਇਸ ਮੌਕੇ ਭਾਜਪਾ, ਕਾਂਗਰਸ, ਸੀ.ਪੀ.ਐੱਮ., ਬਸਪਾ, ਨੈਸ਼ਨਲ ਪੀਪਲਜ਼ ਪਾਰਟੀ ਅਤੇ ‘ਆਪ’ ਕੌਮੀ ਪਾਰਟੀਆਂ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜੇ ਦਿੱਤੇ ਜਾਣ ਬਾਅਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਇਸ ਨੂੰ ਇਕ ਚਮਤਕਾਰ ਕਰਾਰ ਦਿੰਦਿਆਂ ਸਾਰਿਆਂ ਨੂੰ ਵਧਾਈ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਐਨੇ ਘੱਟ ਸਮੇਂ ਵਿਚ ਕੌਮੀ ਪਾਰਟੀ ਬਣਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਦੇਸ਼ ਦੇ ਕਰੋੜਾਂ ਲੋਕਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ। ਲੋਕਾਂ ਨੂੰ ਸਾਡੇ ਤੋਂ ਬੜੀ ਆਸ ਹੈ। ਅੱਜ ਲੋਕਾਂ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, ”ਐਨੇ ਘੱਟ ਸਮੇਂ ਵਿਚ ਕੌਮੀ ਪਾਰਟੀ? ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ। ਸਾਰਿਆਂ ਨੂੰ ਬਹੁਤ-ਬਹੁਤ ਵਧਾਈ, ਦੇਸ਼ ਦੇ ਕਰੋੜਾਂ ਲੋਕਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਲੋਕਾਂ ਨੂੰ ਸਾਡੇ ਤੋਂ ਬਹੁਤ ਆਸ ਹੈ। ਅੱਜ ਲੋਕਾਂ ਨੇ ਸਾਨੂੰ ਇਹ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਹੇ ਪ੍ਰਭੂ, ਸਾਨੂੰ ਆਸ਼ੀਰਵਾਦ ਦਿਓ ਕਿ ਅਸੀਂ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਪੂਰੀ ਕਰੀਏ।”

Leave a comment