-ਹੈਪੇਟਾਈਟਸ ਕਾਰਨ ਹਰ ਰੋਜ਼ ਹੋ ਰਹੀਆਂ ਨੇ 3500 ਮੌਤਾਂ
ਜੈਨੇਵਾ, 11 ਅਪ੍ਰੈਲ (ਪੰਜਾਬ ਮੇਲ)-ਭਾਰਤ ਵਿਚ 2022 ‘ਚ ਹੈਪੇਟਾਈਟਸ ਬੀ ਅਤੇ ਸੀ ਦੇ ਕੁੱਲ 3.50 ਕਰੋੜ ਮਾਮਲੇ ਸਾਹਮਣੇ ਆਏ ਸਨ। ਇਹ ਖੁਲਾਸਾ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਰਿਪੋਰਟ ਵਿਚ ਹੋਇਆ ਹੈ। ਰਿਪੋਰਟ ਅਨੁਸਾਰ ਭਾਰਤ ਹੈਪੇਟਾਈਟਸ ਬੀ ਅਤੇ ਸੀ ਦੇ ਮਾਮਲਿਆਂ ਵਿਚ ਚੀਨ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਵਿਸ਼ਵ ਹੈਪੇਟਾਈਟਸ ਸੰਮੇਲਨ ‘ਚ ਡਬਲਯੂ.ਐੱਚ.ਓ. ਵੱਲੋਂ ਪੇਸ਼ ਕੀਤੀ ਗਈ ਗਲੋਬਲ ਹੈਪੇਟਾਈਟਸ ਰਿਪੋਰਟ-2024 ਮੁਤਾਬਕ 2022 ਵਿਚ ਦੁਨੀਆਂ ਭਰ ‘ਚ 25.40 ਕਰੋੜ ਵਿਅਕਤੀ ਹੈਪੇਟਾਈਟਸ ਬੀ ਤੋਂ ਪੀੜਤ ਸਨ, ਜਦੋਂ ਕਿ ਹੈਪੇਟਾਈਟਸ ਸੀ ਤੋਂ ਪੀੜਤ ਲੋਕਾਂ ਦੀ ਗਿਣਤੀ 5 ਕਰੋੜ ਰਹੀ।
ਅੰਕੜਿਆਂ ਮੁਤਾਬਕ ਭਾਰਤ ‘ਚ 2022 ‘ਚ ਹੈਪੇਟਾਈਟਸ ਬੀ ਦੇ 2.98 ਕਰੋੜ ਮਾਮਲੇ ਸਾਹਮਣੇ ਆਏ, ਜਦੋਂ ਕਿ ਹੈਪੇਟਾਈਟਸ ਸੀ ਨਾਲ ਪੀੜਤ ਲੋਕਾਂ ਦੀ ਗਿਣਤੀ 55 ਲੱਖ ਰਹੀ। ਚੀਨ ਵਿਚ ਹੈਪੇਟਾਈਟਸ ਬੀ ਅਤੇ ਸੀ ਦੇ ਕੇਸਾਂ ਦੀ ਕੁੱਲ ਗਿਣਤੀ 8.3 ਕਰੋੜ ਸੀ, ਜੋ ਦੁਨੀਆਂ ਭਰ ਵਿਚ ਦਰਜ ਕੀਤੇ ਗਏ ਕੁੱਲ ਕੇਸਾਂ ਦਾ 27.5 ਫੀਸਦੀ ਹੈ। ਰਿਪੋਰਟ ਮੁਤਾਬਕ ਭਾਰਤ ਵਿਚ ਹੈਪੇਟਾਈਟਸ ਬੀ ਅਤੇ ਸੀ ਦੇ ਕੁੱਲ 3.5 ਕਰੋੜ ਮਾਮਲੇ ਸਾਹਮਣੇ ਆਏ ਜੋ ਵਿਸ਼ਵ ਭਰ ਵਿਚ ਦਰਜ ਕੀਤੇ ਗਏ ਕੁੱਲ ਮਾਮਲਿਆਂ ਦਾ 11.6 ਫੀਸਦੀ ਹੈ। ਰਿਪੋਰਟ ਵਿਚ ਕਿਹਾ ਕਿ ਦੁਨੀਆਂ ‘ਚ ਹੈਪੇਟਾਈਟਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੁਨੀਆਂ ਭਰ ‘ਚ ਹੈਪੇਟਾਈਟਸ ਕਾਰਨ ਹਰ ਸਾਲ ਲਗਭਗ 13 ਲੱਖ ਮੌਤਾਂ ਹੁੰਦੀਆਂ ਹਨ। ਦੁਨੀਆਂ ਦੇ 187 ਦੇਸ਼ਾਂ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਹੈਪੇਟਾਈਟਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿਚ 11 ਲੱਖ ਤੋਂ ਵੱਧ ਕੇ 2022 ‘ਚ 13 ਲੱਖ ਹੋ ਗਈ।
ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਵਾਇਰਲ ਹੈਪੇਟਾਈਟਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਕਾਰਨ ਹਰ ਰੋਜ਼ 3,500 ਅਤੇ ਵਿਸ਼ਵ ਪੱਧਰ ‘ਤੇ ਹਰ ਸਾਲ 13 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ। ਸੰਗਠਨ ਨੇ ਆਪਣੀ 2024 ਦੀ ਵਿਸ਼ਵ ਹੈਪੇਟਾਈਟਸ ਰਿਪੋਰਟ ਵਿਚ ਕਿਹਾ ਹੈ ਕਿ 187 ਦੇਸ਼ਾਂ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਵਾਇਰਲ ਹੈਪੇਟਾਈਟਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿਚ 11 ਲੱਖ ਤੋਂ ਵੱਧ ਕੇ 2022 ਵਿਚ 13 ਲੱਖ ਹੋ ਗਈ। ਰਿਪੋਰਟ ਅਨੁਸਾਰ ਇਨ੍ਹਾਂ ‘ਚੋਂ 83 ਫੀਸਦੀ ਮੌਤਾਂ ਹੈਪੇਟਾਈਟਸ ਬੀ ਕਾਰਨ ਹੋਈਆਂ ਹਨ ਅਤੇ 17 ਪ੍ਰਤੀਸ਼ਤ ਹੈਪੇਟਾਈਟਸ ਸੀ ਕਾਰਨ ਹੋਈਆਂ ਹਨ। ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਦੇ ਲਗਭਗ ਦੋ ਤਿਹਾਈ ਮਾਮਲੇ ਬੰਗਲਾਦੇਸ਼, ਚੀਨ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਨਾਇਜੀਰੀਆ, ਪਾਕਿਸਤਾਨ, ਫਿਲੀਪੀਨਜ਼, ਰੂਸ ਅਤੇ ਵੀਅਤਨਾਮ ਵਿਚ ਹਨ।