#INDIA

ਸਾਬਕਾ ਮੰਤਰੀ ਸਿਕੰਦਰ ਮਲੂਕਾ ਦੇ ਨੂੰਹ-ਪੁੱਤ ਪਰਮਪਾਲ ਮਲੂਕਾ ਤੇ ਗੁਰਪ੍ਰੀਤ ਮਲੂਕਾ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਮੇਲ)-ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਅਕਾਲੀ ਦਲ ਛੱਡ ਕੇ ਆਪਣੀ ਪਤਨੀ ਪਰਮਪਾਲ ਕੌਰ ਮਲੂਕਾ ਨਾਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਦੋਵੇਂ ਵੀਰਵਾਰ ਦੁਪਹਿਰੇ 1.00 ਵਜੇ ਦਿੱਲੀ ਸਥਿਤ ਭਾਜਪਾ ਦਫਤਰ ‘ਚ ਸ਼ਾਮਲ ਹੋ ਗਏ। ਇਸ ਮੌਕੇ ਹਰਦੀਪ ਪੁਰੀ ਤੇ ਹੋਰ ਭਾਜਪਾ ਆਗੂ ਮੌਜੂਦ ਹਨ ।
ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਮਲੂਕਾ ਅਕਾਲੀ ਦਲ ਤੋਂ ਕਾਫੀ ਨਾਰਾਜ਼ ਸਨ। ਕਿਉਂਕਿ ਅਕਾਲੀ ਦਲ ਨੇ ਉਨ੍ਹਾਂ ਨੂੰ 2022 ਦੀ ਵਿਧਾਨ ਸਭਾ ਵਿਚ ਰਾਮਪੁਰਾ ਫੂਲ ਤੋਂ ਟਿਕਟ ਨਹੀਂ ਦਿੱਤੀ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਅਕਾਲੀ ਦਲ ਤੋਂ ਕਾਫੀ ਨਾਰਾਜ਼ ਸਨ। ਕਿਉਂਕਿ ਪਹਿਲਾਂ ਉਨ੍ਹਾਂ ਨੂੰ ਅਕਾਲੀ ਦਲ ਵੱਲੋਂ ਹਲਕਾ ਮੌੜ ਦਾ ਇੰਚਾਰਜ ਲਾਇਆ ਗਿਆ ਸੀ। ਇਸ ਕਾਰਨ ਉਸ ਨੇ ਮੌੜ ਵਿਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ। ਪਰ ਚੋਣਾਂ ਸਮੇਂ ਉਨ੍ਹਾਂ ਨੂੰ ਰਾਮਪੁਰਾ ਤੋਂ ਹੀ ਟਿਕਟ ਦਿੱਤੀ ਗਈ ਸੀ।
ਜਦੋਂਕਿ ਉਹ ਆਪਣੇ ਲਈ ਮੌੜ ਤੋਂ ਅਤੇ ਆਪਣੇ ਪੁੱਤਰ ਗੁਰਪ੍ਰੀਤ ਮਲੂਕਾ ਲਈ ਰਾਮਪੁਰਾ ਫੂਲ ਤੋਂ ਟਿਕਟ ਮੰਗ ਰਹੇ ਸਨ ਪਰ ਅਕਾਲੀ ਦਲ ਨੇ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ। ਵਿਧਾਨ ਸਭਾ ਚੋਣਾਂ ਵਿਚ ਉਹ ਅਕਾਲੀ ਦਲ ਨਾਲ ਰਹੇ ਪਰ ਹੁਣ ਲੋਕ ਸਭਾ ਚੋਣਾਂ ਵਿਚ ਉਹ ਅਕਾਲੀ ਦਲ ਨਾਲ ਸਹਿਮਤ ਨਹੀਂ ਹੋਏ। ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਮਨਾਉਣ ਲਈ ਕਈ ਯਤਨ ਕੀਤੇ ਗਏ ਸਨ। ਪਰ ਉਸਨੂੰ ਮਨਾ ਨਹੀਂ ਸਕਿਆ।
ਇਸ ਸਬੰਧੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਅੱਜਕੱਲ੍ਹ ਦੇ ਜਵਾਕ ਕਿਹੜਾ ਮੰਨਦੇ ਨੇ ਜੀ। ਮੈਂ ਤਾਂ ਉਨ੍ਹਾਂ ਨੂੰ ਕਿਹਾ ਸੀ ਕਿ ਰਹਿਣ ਦਿਓ ਕੀ ਕਰੋਗੇ ਜਾ ਕੇ। ਚਲੋ ਬਾਕੀ ਉਨ੍ਹਾਂ ਦੀ ਮਰਜ਼ੀ ਐ। ਚਰਚਾ ਇਹ ਵੀ ਹੈ ਕਿ ਭਾਜਪਾ ਵੱਲੋਂ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਵਾਈ ਜਾ ਸਕਦੀ ਹੈ, ਜਿੱਥੋਂ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੇ ਹਨ।