ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਦੁਨੀਆ ਦੀ ਸਭ ਤੋਂ ਵੱਡੀ ਖਪਤਕਾਰ ਉਤਪਾਦ ਕੰਪਨੀ ਨੈਸਲੇ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਦੁੱਧ ਅਤੇ ਬੱਚਿਆਂ ਦੇ ਉਤਪਾਦਾਂ ਵਿੱਚ ਚੀਨੀ ਅਤੇ ਸ਼ਹਿਦ ਵਰਗੀਆਂ ਚੀਜ਼ਾਂ ਮਿਲਾ ਰਹੀ ਹੈ, ਜਦ ਕਿ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਜਾਰੀ ਅੰਤਰਰਾਸ਼ਟਰੀ ਮਾਪਦੰਡਾਂ ਦੇ ਇਹ ਬਿਲਕੁਲ ਉਲਟ ਹੈ। ਨੈਸਲੇ ਵੱਲੋਂ ਗਰੀਬ ਦੇਸ਼ਾਂ ਵਿੱਚ ਵੇਚੇ ਜਾਣ ਵਾਲੇ ਬੱਚਿਆਂ ਦੇ ਦੁੱਧ ਵਿਚ ਉੱਚ ਮਾਤਰਾ ਵਿਚ ਚੀਨੀ ਮਿਲਦੀ ਹੈ ਪਰ ਯੂਰਪ ਜਾਂ ਬਰਤਾਨੀਆ ਦੇ ਮੁੱਖ ਬਾਜ਼ਾਰਾਂ ਵਿਚ ਅਜਿਹਾ ਨਹੀਂ ਹੈ। ਨੈਸਲੇ ਦੇ ਦੋ ਸਭ ਤੋਂ ਵੱਧ ਵਿਕਣ ਵਾਲੇ ਬੇਬੀ ਫੂਡ ਬ੍ਰਾਂਡਾਂ ਵਿਚ ਚੀਨ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ, ਜਦੋਂ ਕਿ ਬਰਤਾਨੀਆ, ਜਰਮਨੀ, ਸਵਿਟਜ਼ਰਲੈਂਡ ਅਤੇ ਹੋਰ ਵਿਕਸਤ ਦੇਸ਼ਾਂ ਵਿਚ ਇਹੀ ਉਤਪਾਦ ਬਿਨਾਂ ਚੀਨੀ ਦੇ ਵੇਚੇ ਜਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੈਸਲੇ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਨੂੰ ਰੋਕਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਦੁੱਧ ਅਤੇ ਬੇਬੀ ਉਤਪਾਦਾਂ ਵਿਚ ਖੰਡ ਅਤੇ ਸ਼ਹਿਦ ਮਿਲਾ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ ‘ਚ ਵਿਕਣ ਵਾਲੇ ਨੈਸਲੇ ਦੇ ਬੱਚਿਆਂ ਦੇ ਉਤਪਾਦਾਂ ਦੀ ਹਰ ਸਰਵਿੰਗ ‘ਚ ਲਗਪਗ 3 ਗ੍ਰਾਮ ਚੀਨੀ ਹੈ। ਕੰਪਨੀ ਵੱਲੋਂ ਪੈਕੇਟ ‘ਤੇ ਚੀਨੀ ਦੀ ਇਸ ਮਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਰਮਨੀ, ਫਰਾਂਸ ਅਤੇ ਬਰਤਾਨੀਆ ਵਿਚ ਨੈਸਲੇ ਦੁਆਰਾ ਵੇਚੇ ਗਏ ਛੇ ਮਹੀਨੇ ਦੇ ਬੱਚਿਆਂ ਲਈ ਸੇਰੇਲੈਕ ਕਣਕ-ਅਧਾਰਤ ਅਨਾਜ ਵਿਚ ਚੀਨੀ ਨਹੀਂ ਮਿਲੀ, ਜਦੋਂਕਿ ਇਥੋਪੀਆ ਵਿਚ ਇੱਕੋ ਉਤਪਾਦ ਵਿਚ 5 ਗ੍ਰਾਮ ਚੀਨੀ ਸੀ ਤੇ ਥਾਈਲੈਂਡ ਵਿਚ 6 ਗ੍ਰਾਮ ਤੋਂ ਵੱਧ ਚੀਨੀ ਸੀ। ਸਾਲ 2022 ‘ਚ ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਦੀ ਖੁਰਾਕ ਵਿਚ ਚੀਨੀ ਮਿਲਾਉਣ ‘ਤੇ ਪਾਬੰਦੀ ਲਾਉਣ ਲਈ ਕਿਹਾ ਸੀ। ਰਿਪੋਰਟ ਦੇ ਜਵਾਬ ਵਿਚ ਨੈਸਲੇ ਇੰਡੀਆ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ 5 ਸਾਲਾਂ ਵਿਚ ਨੈਸਲੇ ਇੰਡੀਆ ਨੇ ਬਾਲ ਅਨਾਜ ਪੋਰਟਫੋਲੀਓ ਵਿਚ ਸ਼ਾਮਲ ਕੀਤੀ ਚੀਨੀ ਦੀ ਮਾਤਰਾ ਨੂੰ 30‚ ਤੱਕ ਘਟਾ ਦਿੱਤਾ ਹੈ। ਕੰਪਨੀ ਅੱਗੇ ਵੀ ਆਪਣੇ ਉਤਪਾਦਾਂ ਵਿਚ ਸੁਧਾਰ ਜਾਰੀ ਰੱਖੇਗੀ।