#INDIA

ਭਾਰਤ ਦੀ ਜਨਸੰਖਿਆ 144 ਕਰੋੜ ਤੋਂ ਹੋਈ ਪਾਰ; ਯੂ.ਐੱਨ.ਐੱਫ.ਪੀ.ਏ. ਦੀ ਰਿਪੋਰਟ ਵਿਚ ਖੁਲਾਸਾ

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਭਾਰਤ ਦੀ ਜਨਸੰਖਿਆ 144 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਵਿਚ 24 ਫੀਸਦੀ ਆਬਾਦੀ 0 ਤੋਂ 14 ਸਾਲ ਦੇ ਉਮਰ ਵਾਲਿਆਂ ਦੀ ਹੈ। ਇਹ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ.ਐੱਨ.ਐੱਫ.ਪੀ.ਏ.) ਦੀ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਹੈ। ਯੂ.ਐੱਨ.ਐੱਫ.ਪੀ.ਏ. ਦੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ 77 ਸਾਲਾਂ ਵਿਚ ਦੁੱਗਣੀ ਹੋਣ ਦਾ ਅਨੁਮਾਨ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ 144.17 ਕਰੋੜ ਦੀ ਅੰਦਾਜ਼ਨ ਆਬਾਦੀ ਨਾਲ ਵਿਸ਼ਵ ਪੱਧਰ ‘ਤੇ ਸਭ ਤੋਂ ਅੱਗੇ ਹੈ, ਜਦਕਿ ਚੀਨ 142.5 ਕਰੋੜ ਨਾਲ ਦੂਜੇ ਨੰਬਰ ‘ਤੇ ਹੈ। 2011 ਵਿਚ ਕੀਤੀ ਗਈ ਪਿਛਲੀ ਜਨਗਣਨਾ ਦੌਰਾਨ ਭਾਰਤ ਦੀ ਆਬਾਦੀ 121 ਕਰੋੜ ਦਰਜ ਕੀਤੀ ਗਈ ਸੀ। ਰਿਪੋਰਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਭਾਰਤ ਦੀ ਅੰਦਾਜ਼ਨ 24 ਫੀਸਦੀ ਆਬਾਦੀ 0-14 ਸਾਲ ਦੀ ਉਮਰ ਦੀ ਹੈ, ਜਦੋਂਕਿ 17 ਫੀਸਦੀ 10-19 ਸਾਲ ਦੀ ਉਮਰ ਵਰਗ ਦੀ ਹੈ। 10-24 ਸਾਲ ਦੀ ਉਮਰ ਦੇ ਵਰਗ ਦੀ ਆਬਾਦੀ 26 ਫੀਸਦੀ ਹੋਣ ਦਾ ਅਨੁਮਾਨ ਹੈ। 15-64 ਉਮਰ ਸਮੂਹ 68 ਫੀਸਦੀ ਹੈ। ਇਸ ਤੋਂ ਇਲਾਵਾ ਭਾਰਤ ਦੀ 7 ਫੀਸਦੀ ਆਬਾਦੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹੈ। ਦੇਸ਼ ਵਿਚ ਮਰਦਾਂ ਦੀ ਔਸਤ ਉਮਰ 71 ਸਾਲ ਅਤੇ ਔਰਤਾਂ ਦੀ 74 ਸਾਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨਸੀ ਅਤੇ ਪ੍ਰਜਣਨ ਸਿਹਤ ਵਿਚ 30 ਸਾਲਾਂ ਦੀ ਪ੍ਰਗਤੀ ਨੇ ਦੁਨੀਆਂ ਵਿਚ ਸਭ ਤੋਂ ਵਾਂਝੇ ਭਾਈਚਾਰਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ।
ਰਿਪੋਰਟ ਮੁਤਾਬਕ, ਭਾਰਤ ਵਿਚ ਸਾਲ 2006-2023 ਦਰਮਿਆਨ 23 ਫ਼ੀਸਦੀ ਬਾਲ ਵਿਆਹ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਜਣੇਪੇ ਦੌਰਾਨ ਮੌਤਾਂ ਦੀ ਗਿਣਤੀ ਵਿਚ ਕਾਫ਼ੀ ਗਿਰਾਵਟ ਆਈ ਹੈ, ਜੋ ਦੁਨੀਆਂ ਵਿਚ ਹੋਣ ਵਾਲੀਆਂ ਅਜਿਹੀਆਂ ਸਾਰੀਆਂ ਮੌਤਾਂ ਦਾ 8 ਫੀਸਦੀ ਰਹਿ ਗਈਆਂ ਹਨ। ਰਿਪੋਰਟ ਮੁਤਾਬਕ, ”ਭਾਰਤ ਦੀ ਸਫਲਤਾ ਦਾ ਸਿਹਰਾ ਅਕਸਰ ਕਿਫਾਇਤੀ, ਮਿਆਰੀ ਜਣੇਪਾ ਸਿਹਤ ਸੇਵਾਵਾਂ ਤੱਕ ਪਹੁੰਚ ਵਿਚ ਸੁਧਾਰ ਦੇ ਨਾਲ-ਨਾਲ ਸਿਹਤ ਨਤੀਜਿਆਂ ‘ਤੇ ਲਿੰਗ ਭੇਦ-ਭਾਵ ਦੇ ਪ੍ਰਭਾਵ ਨੂੰ ਹੱਲ ਕਰਨ ਦੇ ਯਤਨਾਂ ਨੂੰ ਦਿੱਤਾ ਜਾਂਦਾ ਹੈ।”