#AMERICA

Indian-American ਕ੍ਰਿਸਟਲ ਕੌਲ ਲੜੇਗੀ ਅਮਰੀਕੀ ਸੰਸਦ ਮੈਂਬਰ ਦੀ ਚੋਣ

ਨਿਊਯਾਰਕ, 7 ਦਸੰਬਰ (ਪੰਜਾਬ ਮੇਲ)-ਅਮਰੀਕਾ ਵਿਚ ਭਾਰਤੀ ਮੂਲ ਦੀ ਔਰਤ ਕ੍ਰਿਸਟਲ ਕੌਲ ਨੇ ਅਮਰੀਕੀ ਸੰਸਦ ਮੈਂਬਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਅਮਰੀਕਾ ਦੇ ਸੂਬੇ ਵਰਜੀਨੀਆ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜੇਗੀ। ਕ੍ਰਿਸਟਲ ਕੌਲ ਮੂਲ ਰੂਪ ਤੋਂ ਭਾਰਤ ਦੇ ਕਸ਼ਮੀਰ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਕਸ਼ਮੀਰੀ ਹਨ। ਕ੍ਰਿਸਟਲ ਅਗਲੇ ਸਾਲ 2024 ਵਿਚ ਅਮਰੀਕਾ ਵਿਚ ਹੋਣ ਵਾਲੀਆਂ ਆਮ ਚੋਣਾਂ ‘ਚ ਰਾਸ਼ਟਰਪਤੀ ਬਾਇਡਨ ਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜੇਗੀ। ਜੇਕਰ ਉਹ ਇਹ ਸੰਸਦੀ ਚੋਣ ਜਿੱਤ ਜਾਂਦੀ ਹੈ, ਤਾਂ ਉਹ ਪ੍ਰਮਿਲਾ ਜੈਪਾਲ ਤੋਂ ਬਾਅਦ ਅਮਰੀਕੀ ਹੇਠਲੇ ਸਦਨ ‘ਚ ਪਹੁੰਚਣ ਵਾਲੀ ਭਾਰਤੀ ਮੂਲ ਦੀ ਦੂਜੀ ਅਮਰੀਕੀ ਮਹਿਲਾ ਬਣ ਜਾਵੇਗੀ। ਪ੍ਰਮਿਲਾ ਜੈਪਾਲ ਦੀ ਭੈਣ ਸੁਸ਼ੀਲਾ ਜੈਪਾਲ ਵੀ ਚੋਣ ਦੌੜ ਵਿਚ ਸ਼ਾਮਲ ਹੈ। ਉਹ ਓਰੇਗਨ ਜ਼ਿਲ੍ਹੇ ਤੋਂ ਸੰਸਦੀ ਚੋਣ ਲੜਨ ਜਾ ਰਹੀ ਹੈ।
ਕ੍ਰਿਸਟਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਚੋਣ ਜਿੱਤਣ ਤੋਂ ਬਾਅਦ ਉਹ ਸਿੱਖਿਆ, ਸਿਹਤ ਅਤੇ ਜਨਤਕ ਸੁਰੱਖਿਆ ਦੇ ਮੁੱਦਿਆਂ ‘ਤੇ ਧਿਆਨ ਦੇਵੇਗੀ। ਉਸ ਦੀ ਚੋਣ ਮੁਹਿੰਮ ਵੀ ਇਸੇ ਮੁੱਦੇ ‘ਤੇ ਆਧਾਰਿਤ ਹੋਵੇਗੀ। ਕ੍ਰਿਸਟਲ ਨੇ ਕਿਹਾ ਕਿ ਉਸ ਦਾ ਵਰਜੀਨੀਆ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਲਈ ਚੋਣ ਲੜਨ ਦਾ ਫੈਸਲਾ ਡੈਮੋਕ੍ਰੇਟਿਕ ਕਾਂਗਰਸ ਵੂਮੈਨ ਜੈਨੀਫਰ ਵੇਕਸਟਨ ਦੇ ਫ਼ੈਸਲੇ ਦਾ ਪਾਲਣ ਕਰਦੀ ਹੈ। ਵਰਜੀਨੀਆ ਰਾਜ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਅਤੇ ਦੱਖਣੀ ਏਸ਼ੀਆਈਆਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ।
ਲੌਡੌਨ ਕਾਊਂਟੀ, ਫੇਅਰਫੈਕਸ ਕਾਊਂਟੀ ਅਤੇ ਪ੍ਰਿੰਸ ਵਿਲੀਅਮਜ਼ ਕਾਊਂਟੀ ਵਰਗੇ ਖੇਤਰਾਂ ਵਿਚ ਸਭ ਤੋਂ ਵੱਧ ਭਾਰਤੀਆਂ ਦੀ ਆਬਾਦੀ ਹੈ। ਕ੍ਰਿਸਟਲ ਕੌਲ ਅਤੇ ਸੁਸ਼ੀਲਾ ਜੈਪਾਲ ਦੋਵੇਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਨਗੀਆਂ। 2024 ਦੀਆਂ ਆਮ ਚੋਣਾਂ ਵਿਚ ਪਾਰਟੀ ਦਾ ਉਮੀਦਵਾਰ ਬਣਨ ਲਈ, ਉਸਨੂੰ ਪਹਿਲਾਂ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤਣੀ ਪਵੇਗੀ। ਕ੍ਰਿਸਟਲ ਨੂੰ ਹਿੰਦੀ, ਪੰਜਾਬੀ, ਉਰਦੂ ਅਤੇ ਅਰਬੀ ਸਮੇਤ ਕੁੱਲ ਅੱਠ ਭਾਸ਼ਾਵਾਂ ਦਾ ਗਿਆਨ ਹੈ। ਉਹ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿਚ ਚੰਗੀ ਤਰ੍ਹਾਂ ਜਾਣੂ ਹੈ।