#AUSTRALIA

Australia ‘ਚ Sikh ਟੈਕਸੀ ਡਰਾਈਵਰ ਨੇ ਟੈਕਸੀ ‘ਚੋਂ ਮਿਲਿਆ 8000 ਡਾਲਰ ਨਾਲ ਭਰਿਆ ਬੈਗ ਕੀਤਾ ਵਾਪਸ

-ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
ਸਿਡਨੀ, 28 ਦਸੰਬਰ (ਪੰਜਾਬ ਮੇਲ)- ਆਸਟ੍ਰੇਲੀਆ ਵਿਚ ਰਹਿਣ ਵਾਲੇ ਇਕ ਸਿੱਖ ਟੈਕਸੀ ਡਰਾਈਵਰ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ, ਜਿਸਦੇ ਬਾਅਦ ਸੋਸ਼ਲ ਮੀਡੀਆ ‘ਤੇ ਉਸਦੀ ਖੂਬ ਤਾਰੀਫ ਹੋ ਰਹੀ ਹੈ। ਚਰਨਜੀਤ ਸਿੰਘ ਅਟਵਾਲ ਮੈਲਬਰਨ ਵਿਚ ਰਹਿੰਦੇ ਹਨ ਤੇ ਉੱਥੇ ਪਿਛਲੇ 30 ਸਾਲਾ ਤੋਂ ਡਰਾਈਵਰ ਦਾ ਕੰਮ ਕਰ ਰਹੇ ਹਨ। ਰੋਜ਼ਾਨਾ ਦੀ ਤਰ੍ਹਾਂ ਉਸ ਦਿਨ ਵੀ ਉਹ ਟੈਕਸੀ ਚਲਾ ਰਹੇ ਸਨ। ਉਦੋਂ ਉਨ੍ਹਾਂ ਨੇ ਕਾਰ ਦੀ ਪਿਛਲੀ ਸੀਟ ‘ਤੇ ਇਕ ਬੈਗ ਦਿਖਾਈ ਦਿੱਤਾ। ਜਦੋਂ ਉਨ੍ਹਾਂ ਨੇ ਉਸਨੂੰ ਚੈੱਕ ਕੀਤਾ ਤਾਂ ਉਸ ਵਿਚ 8000 ਆਸਟ੍ਰੇਲੀਅਨ ਡਾਲਰ ਯਾਨੀ ਕਿ ਕਰੀਬ ਚਾਰ ਲੱਖ ਰੁਪਏ ਪਏ ਸਨ। ਉਹ ਤੁਰੰਤ ਸਾਰਾ ਕੈਸ਼ ਲੈ ਕੇ ਪੁਲਿਸ ਦੇ ਕੋਲ ਪਹੁੰਚੇ ਤੇ ਪੂਰਾ ਮਾਮਲਾ ਦੱਸਦਿਆਂ ਸਾਰਾ ਕੈਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸੋਸ਼ਲ ਮੀਡੀਆ ਅਤੇ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਦੇ ਇਸ ਕਦਮ ਦੀ ਖੂਬ ਤਾਰੀਫ ਹੋ ਰਹੀ ਹੈ।
ਇਕ ਰਿਪੋਰਟ ਮੁਤਾਬਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿਚ ਯਾਤਰੀਆਂ ਦੀਆਂ ਛੱਡੀਆਂ ਗਈਆਂ ਚੀਜ਼ਾਂ ਲੱਭਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੂੰ ਪਿਛਲੀ ਸੀਟ ‘ਤੇ ਕਰੀਬ 8 ਹਜ਼ਾਰ ਡਾਲਰ ਮਿਲੇ ਤੇ ਉਹ ਤੁਰੰਤ ਨਕਦੀ ਲੈ ਕੇ ਪੁਲਿਸ ਦੇ ਕੋਲ ਗਏ। ਉਨ੍ਹਾਂ ਨੇ ਦੱਸਿਆ ਕਿ ਪੈਸਿਆਂ ਨੂੰ ਆਪਣੇ ਕੋਲ ਰੱਖਣ ਦਾ ਖਿਆਲ ਉਨ੍ਹਾਂ ਦੇ ਮਨ ਵਿਚ ਬਿਲਕੁਲ ਨਹੀਂ ਆਇਆ।
ਦੱਸ ਦੇਈਏ ਕਿ ਪੁਲਿਸ ਨੇ ਪੈਸਿਆਂ ਦੇ ਮਾਲਕ ਨੂੰ ਲੱਭ ਕੇ ਪੈਸਿਆਂ ਨਾਲ ਭਰਿਆ ਬੈਗ ਵਾਪਸ ਕਰ ਦਿੱਤਾ। ਪੈਸਿਆਂ ਨਾਲ ਭਰੇ ਬੈਗ ਦਾ ਮਾਲਕ ਟੈਕਸੀ ਡਰਾਈਵਰ ਦੀ ਈਮਾਨਦਾਰੀ ਦੇਖ ਕੇ ਖੁਸ਼ ਹੋ ਗਿਆ ਤੇ ਉਸਨੇ ਇਸਦੇ ਦੇ ਬਦਲੇ ਵਿਚ ਡਰਾਈਵਰ ਨੂੰ ਕੁਝ ਪੈਸੇ ਦੇਣੇ ਚਾਹੇ ਤਾਂ ਉਨ੍ਹਾਂ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਕੰਮ ਦੇ ਲਈ ਇਨਾਮ ਲੈਣ ਦੀ ਜ਼ਰੂਰਤ ਨਹੀਂ ਹੈ।