#PUNJAB

Amritsar ਪੁਲਿਸ ਵੱਲੋਂ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼

-13 ਪਿਸਤੌਲਾਂ ਸਮੇਤ ਇਕ ਵਿਅਕਤੀ ਕਾਬੂ
– ਗ੍ਰਿਫ਼ਤਾਰ ਵਿਅਕਤੀ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ‘ਚ ਸਪਲਾਈ ਕਰਦਾ ਸੀ:
-ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ, ਹਥਿਆਰਾਂ ਦੀ ਖਰੀਦ ਅਤੇ ਸਪਲਾਈ ਲੜੀ ਤੋੜਨ ਲਈ ਜਾਂਚ ਜਾਰੀ
ਚੰਡੀਗੜ੍ਹ/ਅੰਮ੍ਰਿਤਸਰ, 13 ਦਸੰਬਰ (ਪੰਜਾਬ ਮੇਲ)- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਤਸਕਰੀ ਗਿਰੋਹ ਦੇ ਇਕ ਪ੍ਰਮੁੱਖ ਮੈਂਬਰ ਨੂੰ ਅੰਮ੍ਰਿਤਸਰ ਦੇ ਪਿੰਡ ਭੈਣੀ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਇੱਥੇ ਸੀ.ਪੀ. ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਕਾਲੂ (28) ਵਾਸੀ ਪਿੰਡ ਭੁੱਲਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਗ੍ਰਿਫਤਾਰ ਮੁਲਜ਼ਮ ਵੱਖ-ਵੱਖ ਜ਼ਿਲ੍ਹਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਅਤੇ ਕੁੱਟ-ਮਾਰ ਨਾਲ ਸਬੰਧਤ ਘੱਟੋ-ਘੱਟ ਅੱਠ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸੀ। ਪੁਲਿਸ ਟੀਮ ਵੱਲੋਂ ਉਸ ਕੋਲੋਂ .32 ਬੋਰ ਦੇ 13 ਪਿਸਤੌਲਾਂ ਤੇ 26 ਮੈਗਜ਼ੀਨਾਂ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਕਰਨ ਤੋਂ ਇਲਾਵਾ ਉਸਦੀ ਹੁੰਡਈ ਆਈ-20 ਕਾਰ ਵੀ ਜ਼ਬਤ ਕੀਤੀ ਗਈ ਹੈ।
ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ‘ਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਸਬੰਧੀ ਮਿਲੀ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏ.ਡੀ.ਸੀ.ਪੀ. ਸਿਟੀ-2 ਪ੍ਰਭਜੋਤ ਸਿੰਘ ਵਿਰਕ, ਏ.ਸੀ.ਪੀ. ਵੈਸਟ ਕਮਲਜੀਤ ਸਿੰਘ ਔਲਖ ਦੀ ਅਗਵਾਈ ਵਿਚ ਸੀ.ਆਈ.ਏ.-2 ਦੀ ਪੁਲਿਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡ ਭੈਣੀ, ਥਾਣਾ ਛੇਹਰਟਾ, ਅੰਮ੍ਰਿਤਸਰ ਤੋਂ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਤੋਂ 35,000 ਰੁਪਏ ਵਿਚ ਇੱਕ ਪਿਸਤੌਲ ਖਰੀਦ ਕੇ ਪੰਜਾਬ ਵਿਚ 50,000 ਰੁਪਏ ਵਿਚ ਵੇਚਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ, ਹਥਿਆਰਾਂ ਦੀ ਖਰੀਦ ਅਤੇ ਸਪਲਾਈ ਲੜੀ ਤੋੜਨ ਲਈ ਜਾਂਚ ਜਾਰੀ ਹੈ।
ਇਸ ਸਬੰਧੀ ਐੱਫ.ਆਈ.ਆਰ. ਨੰ. 273 ਮਿਤੀ 10-12-2023 ਨੂੰ ਅਸਲਾ ਐਕਟ ਦੀ ਧਾਰਾ 25/54/59 ਤਹਿਤ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।