#OTHERS

ਪੁਤਿਨ ਵੱਲੋਂ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਗਾਉਣ ਵਾਲੀ ਸੰਧੀ ਮੁਅੱਤਲ

-ਸੰਧੀ ਮੁਅੱਤਲ ਕਰਕੇ ਪੁਤਿਨ ਨੇ ਯੂਕਰੇਨ ‘ਤੇ ਪ੍ਰਮਾਣੂ ਹਮਲੇ ਦੀ ਸੰਭਾਵਨਾ ਵਧਾਈ
ਪਿਟਸਬਰਗ, 22 ਫਰਵਰੀ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਉਸ ਸੰਧੀ ‘ਚ ਆਪਣੀ ਹਿੱਸੇਦਾਰੀ ਨੂੰ ਮੁਅੱਤਲ ਕਰ ਰਿਹਾ ਹੈ, ਜਿਸ ਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੇ ਪ੍ਰਸਾਰ ‘ਤੇ ਰੋਕ ਲਗਾਉਣਾ ਹੈ। ਅਖੌਤੀ ‘ਨਿਊ ਸਟਾਰਟ’ ਸੰਧੀ (ਨਵੀਂ ਰਣਨੀਤਕ ਹਥਿਆਰਾਂ ਦੀ ਕਮੀ ਸੰਧੀ) ‘ਤੇ ਰੂਸ ਅਤੇ ਅਮਰੀਕਾ ਦੁਆਰਾ 2010 ਵਿਚ ਦਸਤਖਤ ਕੀਤੇ ਗਏ ਸਨ। ਇਹ ਸੰਧੀ ਲੰਬੀ ਦੂਰੀ ਦੇ ਪ੍ਰਮਾਣੂ ਹਥਿਆਰਾਂ ਦੀ ਸੰਖਿਆ ਨੂੰ ਸੀਮਤ ਕਰਦੀ ਹੈ, ਜੋ ਦੋਵਾਂ ਦੇਸ਼ਾਂ ਦੁਆਰਾ ਤਾਇਨਾਤ ਕੀਤੇ ਜਾ ਸਕਦੇ ਹਨ ਅਤੇ ਪ੍ਰਮਾਣੂ ਹਥਿਆਰਾਂ ਨੂੰ ਲਿਜਾਣ ਦੇ ਯੋਗ ਮਿਜ਼ਾਈਲਾਂ ਦੀ ਵਰਤੋਂ ਨੂੰ ਸੀਮਤ ਕਰਦਾ ਹੈ। ਪੁਤਿਨ ਨੇ ਮੰਗਲਵਾਰ ਨੂੰ ਆਪਣੇ ਸੰਬੋਧਨ ‘ਚ ਕਿਹਾ ਕਿ ਰੂਸ ਅਜੇ ਸੰਧੀ ਤੋਂ ਪੂਰੀ ਤਰ੍ਹਾਂ ਪਿੱਛੇ ਨਹੀਂ ਹਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਮੁੜ ਸ਼ੁਰੂ ਕਰਦਾ ਹੈ, ਤਾਂ ਰੂਸ ਨੂੰ ਵੀ ਅਜਿਹਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਪੁਤਿਨ ਦੇ ਇਸ ਫ਼ੈਸਲੇ ਨੇ ਨਾ ਸਿਰਫ ਯੂਕਰੇਨ, ਬਲਕਿ ਪੂਰੀ ਦੁਨੀਆਂ ਨੂੰ ਪ੍ਰਮਾਣੂ ਯੁੱਧ ਦੇ ਨਵੇਂ ਖ਼ਤਰੇ ਵਿਚ ਪਾ ਦਿੱਤਾ ਹੈ। ਹੁਣ ਤੱਕ ਇਸ ਸੰਧੀ ਕਾਰਨ ਰੂਸ ਦੇ ਹੱਥ ਬੰਨ੍ਹੇ ਹੋਏ ਸਨ ਪਰ ਇਸ ਸੰਧੀ ਵਿਚ ਰੂਸ ਦੀ ਸ਼ਮੂਲੀਅਤ ਨੂੰ ਮੁਅੱਤਲ ਕਰਕੇ ਪੁਤਿਨ ਨੇ ਯੂਕਰੇਨ ‘ਤੇ ਪ੍ਰਮਾਣੂ ਹਮਲੇ ਦੀ ਸੰਭਾਵਨਾ ਵਧਾ ਦਿੱਤੀ ਹੈ। ਇਸ ਨਾਲ ਯੂਕਰੇਨ ਅਤੇ ਅਮਰੀਕਾ ਸਮੇਤ ਪੂਰੀ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਮੰਗਲਵਾਰ ਨੂੰ ਆਪਣੇ ਸੰਬੋਧਨ ਤੋਂ ਕੁਝ ਘੰਟਿਆਂ ਬਾਅਦ ਲਏ ਫ਼ੈਸਲੇ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਉਸ ਸੰਧੀ ‘ਚ ਆਪਣੀ ਭਾਗੀਦਾਰੀ ਨੂੰ ਮੁਅੱਤਲ ਕਰ ਰਿਹਾ ਹੈ, ਜਿਸ ਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੇ ਪ੍ਰਸਾਰ ‘ਤੇ ਰੋਕ ਲਾਉਣਾ ਹੈ।

Leave a comment