#PUNJAB #SPORTS

ਭਾਰਤ ਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀਫਾਈਨਲ ਵਿੱਚ ਜਗ੍ਹਾ ਕੀਤੀ ਪੱਕੀ

ਲੀਗ ਸਟੇਜ ਆਖ਼ਰੀ ਦੌਰ ‘ਚ ਦਾਖਲ
ਜਲੰਧਰ, 31 ਅਕਤੂਬਰ (ਪੰਜਾਬ ਮੇਲ)- ਪੰਜਾਬ ਦੀ ਧਰਤੀ ਉੱਤੇ ਪਹਿਲੀ ਵਾਰ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਜਲੰਧਰ ਵਿਖੇ ਹੋਣ ਵਾਲੇ ਲੀਗ ਮੈਚ ਅੱਧ ਪਾਰ ਕਰਕੇ ਆਖ਼ਰੀ ਦੌਰ ਵਿਚ ਪਹੁੰਚ ਗਏ ਹਨ। ਹਰ ਟੀਮ ਨੇ ਤਿੰਨ-ਤਿੰਨ ਲੀਗ ਮੈਚ ਖੇਡ ਲਏ ਹਨ, ਜਦੋਂ ਕਿ ਦੋ-ਦੋ ਲੀਗ ਮੈਚ ਬਾਕੀ ਹਨ। 1 ਅਤੇ 2 ਨਵੰਬਰ ਨੂੰ ਬਾਕੀ ਰਹਿੰਦੇ ਲੀਗ ਮੈਚ ਖੇਡੇ ਜਾਣਗੇ। ਭਾਰਤ ਅਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਗੋਲ ਸਕੋਰਰਾਂ ਦੀ ਸੂਚੀ ਵਿਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਪੰਜ ਗੋਲਾਂ ਨਾਲ ਟਾਪ ਸਕੋਰਰ ਚੱਲ ਰਿਹਾ ਹੈ।
ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਅੱਜ ਸਾਰੀਆਂ ਟੀਮਾਂ ਲਈ ਆਰਾਮ ਦਾ ਦਿਨ ਸੀ ਅਤੇ ਕੋਈ ਵੀ ਮੈਚ ਨਹੀਂ ਖੇਡਿਆ ਗਿਆ। ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੀਆਂ ਟੀਮਾਂ ਨੇ ਅਭਿਆਸ ਜ਼ਰੂਰ ਕੀਤਾ। ਲੀਗ ਸਟੇਜ ਦੇ ਆਖ਼ਰੀ ਦਿਨਾਂ ਵਿਚ 1 ਨਵੰਬਰ ਨੂੰ ਦੱਖਣੀ ਕੋਰੀਆ ਤੇ ਬੰਗਲਾਦੇਸ਼, ਚੀਨ ਤੇ ਜਾਪਾਨ, ਅਤੇ ਭਾਰਤ ਤੇ ਮਲੇਸ਼ੀਆ ਵਿਚਕਾਰ ਅਤੇ 2 ਨਵੰਬਰ ਨੂੰ ਚੀਨ ਤੇ ਬੰਗਲਾਦੇਸ਼, ਮਲੇਸ਼ੀਆ ਤੇ ਜਾਪਾਨ, ਅਤੇ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਮੈਚ ਕ੍ਰਮਵਾਰ ਢਾਈ ਵਜੇ, ਪੌਣੇ ਪੰਜ ਵਜੇ ਅਤੇ ਸ਼ਾਮ ਸੱਤ ਵਜੇ ਖੇਡੇ ਜਾਣਗੇ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਲੀਗ ਮੈਚਾਂ ਵਿਚ ਮੇਜ਼ਬਾਨ ਭਾਰਤ ਤੇ ਮਲੇਸ਼ੀਆ ਨੇ ਹੁਣ ਤੱਕ ਖੇਡੇ ਤਿੰਨੇ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਅੰਕ ਸੂਚੀ ਵਿਚ ਭਾਰਤ ਬਿਹਤਰ ਗੋਲ ਔਸਤ ਨਾਲ ਪਹਿਲੇ ਸਥਾਨ ਉੱਤੇ ਚੱਲ ਰਿਹਾ ਹੈ, ਜਦੋਂ ਕਿ ਮਲੇਸ਼ੀਆ ਦੂਜੇ ਸਥਾਨ ਉੱਪਰ ਹੈ। ਜਾਪਾਨ ਦੋ ਜਿੱਤਾਂ ਨਾਲ ਤੀਜੇ ਅਤੇ ਦੱਖਣੀ ਕੋਰੀਆ ਇੱਕ ਜਿੱਤ ਨਾਲ ਚੌਥੇ ਸਥਾਨ ਉੱਤੇ ਹੈ। ਚੀਨ ਤੇ ਬੰਗਲਾਦੇਸ਼ ਨੂੰ ਹਾਲੇ ਆਪਣੀ ਪਹਿਲੀ ਜਿੱਤ ਦੀ ਉਡੀਕ ਹੈ।
ਛੇ ਟੀਮਾਂ ਵਿਚੋਂ ਪਹਿਲੀਆਂ ਚਾਰ ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ ਅਤੇ ਲੀਗ ਦੌਰ ਵਿਚ ਪੰਜਵੇਂ ਤੇ ਛੇਵੇਂ ਸਥਾਨ ਉੱਤੇ ਆਉਣ ਵਾਲੀਆਂ ਟੀਮਾਂ ਪੰਜਵੀਂ ਪੁਜ਼ੀਸ਼ਨ ਲਈ ਖੇਡਣਗੀਆਂ। ਨਾਕਆਊਟ ਦੇ ਸਾਰੇ ਮੁਕਾਬਲੇ 4 ਅਤੇ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਟੇਡੀਅਮ ਵਿਖੇ ਖੇਡੇ ਜਾਣਗੇ। ਟੂਰਨਾਮੈਂਟ ਦੌਰਾਨ ਹੁਣ ਤੱਕ ਕੁੱਲ 9 ਮੈਚ ਖੇਡੇ ਜਾ ਚੁੱਕੇ ਹਨ ਅਤੇ ਕੋਈ ਵੀ ਮੈਚ ਡਰਾਅ ਨਹੀਂ ਹੋਇਆ, ਜਿਸ ਕਾਰਨ ਹਰ ਮੈਚ ਦਾ ਨਤੀਜਾ ਨਿਕਲਿਆ ਹੈ।