#AMERICA

ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦੇ ਵਿਆਹ ਮੌਕੇ ਕੈਲੀਫੋਰਨੀਆ ‘ਚ ਲੱਗੀਆਂ ਰੌਣਕਾਂ

-ਵਿਆਹ ਸਮਾਗਮਾਂ ‘ਚ ਦੁਨੀਆਂ ਭਰ ਤੋਂ ਪਹੁੰਚੀਆਂ ਨਾਮਵਰ ਸ਼ਖ਼ਸੀਅਤਾਂ
ਫਰਿਜ਼ਨੋ, 21 ਅਕਤੂਬਰ (ਮਾਛੀਕੇ/ ਧਾਲੀਆਂ/ ਪੰਜਾਬ ਮੇਲ)- ਅਮਰੀਕਾ ਦੇ ਉੱਘੇ ਕਿਸਾਨ, ਸਫ਼ਲ ਕਾਰੋਬਾਰੀ, ਪ੍ਰਸਿੱਧ ਸਮਾਜ ਸੇਵੀ ਅਤੇ ‘ਰੇਜ਼ਨ ਕਿੰਗ’ ਵਜੋਂ ਜਾਣੇ ਜਾਂਦੇ ਸ. ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦਾ ਸ਼ਰਨ ਸ਼ੇਰਗਿੱਲ ਨਾਲ ਵਿਆਹ ਕੈਲੀਫੋਰਨੀਆ ਵਿਖੇ ਬੜੀ ਧੂਮਧਾਮ, ਸ਼ਾਨੋ-ਸ਼ੌਕਤ ਅਤੇ ਪੰਜਾਬੀ ਸੱਭਿਆਚਾਰਕ ਰਵਾਇਤਾਂ ਅਨੁਸਾਰ ਸੰਪੰਨ ਹੋਇਆ। ਹਫ਼ਤਾ ਭਰ ਚੱਲੇ ਇਸ ਵਿਆਹ ਸਮਾਗਮ ‘ਚ ਅਮਰੀਕਾ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਕੈਨੇਡਾ, ਇੰਗਲੈਂਡ ਅਤੇ ਦੁਨੀਆਂ ਦੇ ਹੋਰ ਕਈ ਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ, ਕਾਰੋਬਾਰੀ, ਸਮਾਜ ਸੇਵੀ, ਰਾਜਨੀਤਿਕ ਆਗੂ ਅਤੇ ਪਰਿਵਾਰਕ ਰਿਸ਼ਤੇਦਾਰ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ।
ਜ਼ਿਕਰਯੋਗ ਹੈ ਕਿ ਲਾੜਾ ਸ਼ਾਮ ਸਿੰਘ ਬਾਠ (2), ਕੰਵਰ ਸਿੰਘ ਬਾਠ ਅਤੇ ਰਾਣੀ ਕੌਰ ਬਾਠ ਦਾ ਸਪੁੱਤਰ ਅਤੇ ਉੱਘੇ ਕਾਰੋਬਾਰੀ ਸ. ਚਰਨਜੀਤ ਸਿੰਘ ਬਾਠ ਅਤੇ ਬੀਬੀ ਸ਼ਮਸ਼ੇਰ ਕੌਰ ਬਾਠ ਦਾ ਪੋਤਰਾ ਹੈ। ਜਦਕਿ ਲਾੜੀ ਸ਼ਰਨ ਸ਼ੇਰਗਿੱਲ, ਪਲਵਿੰਦਰ ਸਿੰਘ ਸ਼ੇਰਗਿੱਲ ਅਤੇ ਪੁਨੀਤ ਕੌਰ ਸ਼ੇਰਗਿੱਲ ਦੀ ਸਪੁੱਤਰੀ ਹੈ। ਵਿਆਹ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਰਾਜਸਥਾਨ ਦੇ ਸਾਬਕਾ ਡੀ.ਜੀ.ਪੀ. ਸ. ਨਵਦੀਪ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ, ਸੰਗਰੀਆ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਪਰਮ ਨਵਦੀਪ ਸਿੰਘ ਵੀ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕਈ ਹੋਰ ਪਤਵੰਤੇ ਸੱਜਣਾਂ ਨੇ ਵੀ ਆਪਣੀ ਹਾਜ਼ਰੀ ਨਾਲ ਵਿਆਹ ਸਮਾਗਮ ਦੀ ਸ਼ੋਭਾ ਵਧਾਈ।
ਵਿਆਹ ਦੀਆਂ ਰਸਮਾਂ ਦੌਰਾਨ ਸ. ਚਰਨਜੀਤ ਸਿੰਘ ਬਾਠ ਦੇ ਗ੍ਰਹਿ ਵਿਖੇ ਰਵਾਇਤੀ ਪੰਜਾਬੀ ਰੰਗ ਵਿਚ ਜਾਗੋ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਬੋਲੀਆਂ, ਗਿੱਧੇ, ਭੰਗੜੇ ਅਤੇ ਢੋਲ ਦੀ ਥਾਪ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗ ਦਿੱਤਾ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੇ ਖੁਸ਼ੀਆਂ ਸਾਂਝੀਆਂ ਕਰਦਿਆਂ ਵਿਆਹ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਾਏ।
ਇਸ ਉਪਰੰਤ ਬੇਕਰਜ਼ਫੀਲਡ ਵਿਖੇ ਸਿੱਖ ਮਰਿਆਦਾ ਅਨੁਸਾਰ ਅਨੰਦ ਕਾਰਜ ਦੀ ਪਵਿੱਤਰ ਰਸਮ ਅਦਾ ਕੀਤੀ ਗਈ, ਜਿੱਥੇ ਨਵ-ਵਿਆਹੀ ਜੋੜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਾਵਾਂ ਲੈ ਕੇ ਆਪਣੇ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਾਜ਼ਰ ਸੰਗਤਾਂ ਅਤੇ ਰਿਸ਼ਤੇਦਾਰਾਂ ਨੇ ਨਵੀਂ ਜੋੜੀ ਦੇ ਸੁਖਮਈ ਅਤੇ ਖੁਸ਼ਹਾਲ ਭਵਿੱਖ ਲਈ ਅਰਦਾਸ ਕੀਤੀ।
ਉਪਰੰਤ ਇੱਕ ਵਿਸ਼ਾਲ ਕਨਵੈਨਸ਼ਨ ਸੈਂਟਰ ਵਿਖੇ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਪਹੁੰਚੇ ਮਹਿਮਾਨਾਂ ਦੀ ਭਰਵੀਂ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।
ਦੱਸਣਯੋਗ ਹੈ ਕਿ ਸ. ਚਰਨਜੀਤ ਸਿੰਘ ਬਾਠ ਦਾ ਨਾਮ ਕੈਲੀਫੋਰਨੀਆ ਦੇ ਖੇਤੀਬਾੜੀ ਅਤੇ ਰੇਜ਼ਨ ਉਦਯੋਗ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਖੇਤੀਬਾੜੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਨਾਲ-ਨਾਲ ਉਹ ਸਮਾਜ ਸੇਵਾ ਅਤੇ ਪੰਜਾਬੀ ਭਾਈਚਾਰੇ ਦੀ ਭਲਾਈ ਦੇ ਕਾਰਜਾਂ ਵਿਚ ਵੀ ਸਰਗਰਮ ਰਹਿੰਦੇ ਹਨ।