ਚੰਡੀਗੜ੍ਹ, 18 ਅਕਤੂਬਰ (ਪੰਜਾਬ ਮੇਲ)- ਸੀ ਬੀ ਆਈ ਵੱਲੋਂ ਤਲਬੀ ਮਗਰੋਂ ਅੱਜ ਮੁੱਖ ਮੰਤਰੀ ਦੇ ਓ ਐੱਸ ਡੀ ਰਾਜਬੀਰ ਘੁੰਮਣ ਦੇ ਕਰੀਬੀ ਬੀਰ ਦਵਿੰਦਰ ਸਿੰਘ ਬੱਲਾਂ ਅਤੇ ਜਿਤਿਨ ਗੋਹਲ ਤੋਂ ਇਲਾਵਾ ਕਮਲਪ੍ਰੀਤ ਸਿੰਘ ਅਤੇ ਕਰਨ ਭੂਸ਼ਣ (ਪ੍ਰਾਈਵੇਟ ਵਿਅਕਤੀ) ਵੀ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਰਾਜਬੀਰ ਸਿੰਘ ਘੁੰਮਣ ਵੀ ਖ਼ੁਦ ਸੀ ਬੀ ਆਈ ਅੱਗੇ ਪੇਸ਼ ਹੋ ਚੁੱਕੇ ਹਨ ਅਤੇ ਸੋਮਵਾਰ ਨੂੰ ਉਹ ਮੁੜ ਪੇਸ਼ ਹੋਣਗੇ। ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀ ਬੀ ਆਈ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 5 ਅਕਤੂਬਰ ਨੂੰ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ ਐੱਸ ਨਾਗਰਾ ਅਤੇ ਅਣਪਛਾਤੇ ਸਰਕਾਰੀ/ਪ੍ਰਾਈਵੇਟ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਐੱਫ਼ ਆਈ ਆਰ ’ਚ ਸ਼ਾਮਲ ਅੱਧੀ ਦਰਜਨ ਵਿਅਕਤੀਆਂ ਵਿੱਚੋਂ ਹੁਣ ਤੱਕ ਤਿੰਨ ਵਿਅਕਤੀ ਤਫ਼ਤੀਸ਼ ’ਚ ਸ਼ਾਮਲ ਹੋ ਚੁੱਕੇ ਹਨ, ਜਦੋਂ ਕਿ ਨਿਤਿਨ ਗੋਹਲ, ਰੋਮੀ ਰਾਜਾ ਮਹਾਜਨ ਅਤੇ ਆਰ ਐੱਸ ਨਾਗਰਾ ਪੇਸ਼ ਨਹੀਂ ਹੋਏ ਹਨ। ਕਮਲਪ੍ਰੀਤ ਸਿੰਘ ਅਤੇ ਕਰਨ ਭੂਸ਼ਣ ਦਾ ਚੈੱਟ ’ਚ ਜ਼ਿਕਰ ਹੋਣ ਕਰਕੇ ਉਨ੍ਹਾਂ ਨੂੰ ਬੁਲਾਇਆ ਗਿਆ। ਪਹਿਲਾਂ ਚੁਸ਼ਪਿੰਦਰ ਸਿੰਘ ਮਾਨਸਾ ਦੇ ਵੀ ਮੁੜ ਜਾਂਚ ’ਚ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਸੀ, ਪ੍ਰੰਤੂ ਅੱਜ ਉਨ੍ਹਾਂ ਨੂੰ ਤਲਬ ਨਹੀਂ ਕੀਤਾ ਗਿਆ ਸੀ। ਚੁਸ਼ਪਿੰਦਰ ਸਿੰਘ ਨੇ ਅੱਜ ਮੀਡੀਆ ਸਾਹਮਣੇ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਪ੍ਰਤੀਨਿਧ ਹੋਣ ਦੇ ਨਾਤੇ ਇੱਕ ਸਾਧਾਰਨ ਕਾਰੋਬਾਰੀ ਲਈ ਅਸਲਾ ਲਾਇਸੈਂਸ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਦੇ ਰਿਕਾਰਡ ’ਤੇ ਕੋਈ ਦਾਗ਼ ਨਹੀਂ ਹੈ। ਚੁਸ਼ਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਅਸਲਾ ਲਾਇਸੈਂਸ ਦੀ ਸਿਫ਼ਾਰਸ਼ ਕੀਤੇ ਜਾਣ ’ਤੇ ਹੀ ਵਾਰ-ਵਾਰ ਸੱਦਿਆ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਨੇ ਕੋਈ ਗ਼ੈਰ-ਕਾਨੂੰਨੀ ਕੰਮ ਕੀਤਾ ਹੀ ਨਹੀਂ। ਅੱਜ ਜਿਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਦੇ ਪੇਸ਼ ਹੋਣ ਮੌਕੇ ਵਕੀਲ ਵੀ ਨਾਲ ਆਏ ਹੋਏ ਸਨ। ਦੱਸਣਯੋਗ ਹੈ ਕਿ ਬੀਰ ਦਵਿੰਦਰ ਸਿੰਘ ਇਸ ਵੇਲੇ ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਹਨ ਅਤੇ ਉਹ ਪਾਰਟੀ ਤਰਫ਼ੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਲੜ ਚੁੱਕੇ ਹਨ। ਸੀ ਬੀ ਆਈ ਬੀਰ ਦਵਿੰਦਰ ਸਿੰਘ ਦੇ ਪਿਤਾ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

