ਚੰਡੀਗੜ੍ਹ, 4 ਸਤੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਵਿਚ ਦੋਵਾਂ ਆਗੂਆਂ ਨੂੰ 24 ਘੰਟੇ ਦੇ ਅੰਦਰ-ਅੰਦਰ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਨੋਟਿਸ ਵਿਚ ਬਕਾਇਦਾ ਆਖਿਆ ਗਿਆ ਹੈ ਕਿ ਜੇਕਰ ਦੋਵੇਂ ਆਗੂ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਡਾ. ਗੁਰਪ੍ਰੀਤ ਕੌਰ ਇਸ ਤੋਂ ਪਹਿਲਾਂ ਸਾਬਕਾ ਜਸਟਿਸ ਰਣਜੀਤ ਸਿੰਘ ਨੂੰ ਵੀ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦੇ ਚੁੱਕੇ ਹਨ ਅਤੇ ਇਹ ਮਾਮਲਾ ਵੀ ਜਸਟਿਸ ਰਣਜੀਤ ਸਿੰਘ ਵੱਲੋਂ ਲਗਾਏ ਦੋਸ਼ਾਂ ਨਾਲ ਜੁੜਿਆ ਹੋਇਆ ਹੈ। ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡਾ. ਗੁਰਪ੍ਰੀਤ ਕੌਰ ਨੇ ਕਥਿਤ ਤੌਰ ‘ਤੇ ਬਲਾਤਕਾਰ ਦੇ ਇਕ ਮਾਮਲੇ ਨੂੰ ਦਬਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚ ਗੁਰੀ ਚਾਹਲ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ ਅਤੇ ਇਕ ਵਪਾਰੀ ਵਿਰੁੱਧ ਕੇਸ ਖਾਰਜ ਕਰਨ ਬਦਲੇ ਪੈਸੇ ਮੰਗੇ ਗਏ ਸਨ। ਇਸ ਮਗਰੋਂ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ‘ਤੇ ਇਕ ਕਥਿਤ ਆਡੀਓ-ਵੀਡੀਓ ਕਲਿੱਪ ਪੋਸਟ ਕੀਤਾ ਸੀ। ਮਜੀਠੀਆ ਨੇ ਦਾਅਵਾ ਕੀਤਾ ਕਿ ਵੀਡੀਓ ਵਿਚ ਦੋਸ਼ੀ ਨਾਲ ਜੁੜੇ ਕਥਿਤ ਵਿਚੋਲਿਆਂ ਅਤੇ ਡਾ. ਗੁਰਪ੍ਰੀਤ ਕੌਰ ਦੇ ਇਕ ਰਿਸ਼ਤੇਦਾਰ ਵਿਚਕਾਰ ਵਿੱਤੀ ਲੈਣ-ਦੇਣ ਸੰਬੰਧੀ ਗੱਲਬਾਤ ਸੀ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਡਾ. ਗੁਰਪ੍ਰੀਤ ਕੌਰ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਪੁਸ਼ਟੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਸਾਫ ਆਖਿਆ ਹੈ ਕਿ ਉਹ ਇਸ ਨੋਟਿਸ ਦਾ ਜਵਾਬ ਨਾ ਦੇ ਕੇ ਅਤੇ ਅਦਾਲਤ ਵਿਚ ਇਸ ਦਾ ਜਵਾਬ ਦੇਣਗੇ।
ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਡਾ. ਗੁਰਪ੍ਰੀਤ ਕੌਰ ਮਾਨ ਨੇ ਭੇਜਿਆ ਨੋਟਿਸ

