ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲੰਮੇ ਸਮੇਂ ਤੋਂ 2028 ‘ਚ ਤੀਸਰੀ ਵਾਰ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਬਾਰੇ ਸੰਕੇਤ ਦਿੰਦੇ ਰਹੇ ਹਨ, ਪਰ ਹੁਣ ਉਨ੍ਹਾਂ ਦੇ ਹਾਲੀਆ ਬਿਆਨਾਂ ਵਿਚ ਇੱਕ ਨਵਾਂ ਰੁਖ ਨਜ਼ਰ ਆ ਰਿਹਾ ਹੈ। ਟਰੰਪ ਹੁਣ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਵੀ ਜਨਤਕ ਤੌਰ ‘ਤੇ ਗੱਲ ਕਰਨ ਲੱਗੇ ਹਨ।
ਨਿਊਯਾਰਕ ਦੇ ਲਾਂਗ ਆਇਲੈਂਡ ਵਿਚ ਇੱਕ ਸਮਾਗਮ ਦੌਰਾਨ ਟਰੰਪ ਨੇ ਕਿਹਾ ਕਿ ਅਗਲਾ ਰਾਸ਼ਟਰਪਤੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਆਪਣੇ ਸਿਰ ਲੈ ਸਕਦਾ ਹੈ, ਜਦਕਿ ਉਹ ਘਰ ਬੈਠ ਕੇ ਟੈਲੀਵਿਜ਼ਨ ‘ਤੇ ਇਹ ਸਭ ਦੇਖ ਰਹੇ ਹੋਣਗੇ। ਪੈਨਸਿਲਵੇਨੀਆ ਅਤੇ ਜਾਰਜੀਆ ਵਿਚ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਦੇ ਬਿਆਨ ਦਿੱਤੇ। ਜਾਰਜੀਆ ਵਿਚ ਟਰੰਪ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਅਹੁਦਾ ਛੱਡਣ ਤੋਂ ਬਾਅਦ ਉਹ ਸ਼ਾਇਦ ਘਰ ਬੈਠੇ ”ਰੋ ਰਹੇ ਹੋਣ।”
ਹਾਲਾਂਕਿ ਟਰੰਪ ਨੇ ਤੀਸਰੇ ਕਾਰਜਕਾਲ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ। ਮਿਸ਼ੀਗਨ ਵਿਚ ਉਨ੍ਹਾਂ ਨੇ ਕਿਹਾ ਕਿ ਕੁਝ ਸਾਲਾਂ ਬਾਅਦ ਅਮਰੀਕਾ ਵਿਚ ਕੋਈ ਹੋਰ ਰਾਸ਼ਟਰਪਤੀ ”ਹੋ ਸਕਦਾ ਹੈ”, ਜਿਸ ਨਾਲ ਮੁੜ ਚਰਚਾ ਛਿੜ ਗਈ।
ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਮੁਤਾਬਕ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ। ਇਸ ਦੇ ਬਾਵਜੂਦ ਟਰੰਪ ਪਹਿਲਾਂ ਕਹਿ ਚੁੱਕੇ ਹਨ ਕਿ ਤੀਸਰੇ ਕਾਰਜਕਾਲ ਲਈ ਕੁਝ ”ਤਰੀਕੇ” ਹੋ ਸਕਦੇ ਹਨ। ਉਹ ”ਟਰੰਪ 2028” ਵਾਲੀਆਂ ਟੋਪੀਆਂ ਵੀ ਪਹਿਨਦੇ ਰਹੇ ਹਨ।
ਸੰਵਿਧਾਨਕ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਮਿਲੇ-ਜੁਲੇ ਬਿਆਨ ਅਸਪੱਸ਼ਟਤਾ ਬਣਾਈ ਰੱਖਦੇ ਹਨ। 2026 ਦੀਆਂ ਮੱਧਵਰਤੀ ਚੋਣਾਂ ਨੇੜੇ ਹੋਣ ਕਰਕੇ ਇਹ ਚਰਚਾ ਅਮਰੀਕੀ ਰਾਜਨੀਤੀ ਵਿਚ ਹੋਰ ਮਹੱਤਵਪੂਰਨ ਬਣ ਗਈ ਹੈ।
ਤੀਸਰੇ ਕਾਰਜਕਾਲ ਦੀ ਚਰਚਾ ਵਿਚਕਾਰ ਟਰੰਪ ਹੁਣ 2029 ਤੋਂ ਬਾਅਦ ਦੀ ਜ਼ਿੰਦਗੀ ਬਾਰੇ ਵੀ ਕਰਨ ਲੱਗੇ ਗੱਲ

