ਨਿਊਯਾਰਕ, 24 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਟੈਨੇਸੀ ਰਾਜ ਵਿਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜੈਕਸਨ ਸ਼ਹਿਰ ਵਿਚ ਇੱਕ ਹਥਿਆਰਬੰਦ ਲੁਟੇਰੇ ਨੇ 62 ਸਾਲਾ ਭਾਰਤੀ-ਗੁਜਰਾਤੀ ਸਟੋਰ ਮਾਲਕ ਸੁਰੇਸ਼ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੁਜਰਾਤ ਦੇ ਮੇਹਸਾਣਾ ਦੇ ਰਹਿਣ ਵਾਲੇ ਸੁਰੇਸ਼ ਪਟੇਲ ਨੇ 7 ਦਿਨ ਪਹਿਲਾਂ ਹੀ ਇਹ ਸਟੋਰ ਖਰੀਦਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਹੈ। ਟੈਨੇਸੀ ਦੇ ਜੈਕਸਨ ਵਿਚ ਸਥਿਤ ਪਟੇਲ ਵਾਈਨ ਅਤੇ ਸਪਿਰਿਟ ਨਾਂ ਦਾ ਸਟੋਰ ਚਲਾਉਂਦਾ ਸੀ। ਹਥਿਆਰਬੰਦ ਲੁਟੇਰੇ ਨੇ ਪੈਸੇ ਲੁੱਟ ਕੇ 62 ਸਾਲਾ ਭਾਰਤੀ-ਗੁਜਰਾਤੀ ਸਟੋਰ ਮਾਲਕ ਸੁਰੇਸ਼ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਦੁਖਦਾਈ ਘਟਨਾ ਵੀਰਵਾਰ ਰਾਤ ਨੂੰ ਵਾਪਰੀ, ਜਦੋਂ ਉਸ ਦੀ 19 ਸਾਲਾ ਧੀ ਵੀ ਉਸ ਦੇ ਨਾਲ ਸਟੋਰ ਵਿਚ ਮੌਜੂਦ ਸੀ, ਜੋ ਜਾਨੋਂ ਬੱਚ ਗਈ ਅਤੇ ਲੁਟੇਰੇ ਨੇ ਉਸਦੀ ਧੀ ਦੇ ਸਾਹਮਣੇ ਹੀ ਉਸਦੇ ਪਿਤਾ ‘ਤੇ ਗੋਲੀਬਾਰੀ ਕੀਤੀ। ਸੁਰੇਸ਼ ਪਟੇਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੀ.ਸੀ.ਟੀ.ਵੀ. ਫੁਟੇਜ ਵਿਚ ਕੈਦ ਹੋਏ ਸ਼ੱਕੀ ਲੁਟੇਰੇ ਦੀ ਪਛਾਣ ਇੱਕ ਕਾਲੇ ਆਦਮੀ ਵਜੋਂ ਹੋਈ ਹੈ, ਜਿਸਨੇ ਸਲੇਟੀ ਰੰਗ ਦੀ ਹੂਡੀ, ਜੀਨਸ ਅਤੇ ਕਾਲੇ ਬੂਟ ਪਾਏ ਹੋਏ ਹਨ। ਉਸਨੇ ਆਪਣੇ ਚਿਹਰੇ ‘ਤੇ ਪੇਂਟਬਾਲ ਮਾਸਕ ਪਾਇਆ ਹੋਇਆ ਸੀ। ਡਕੈਤੀ ਅਤੇ ਗੋਲੀਬਾਰੀ ਤੋਂ ਬਾਅਦ, ਸ਼ੱਕੀ ਇੱਕ ਚਿੱਟੇ ਰੰਗ ਦੀ ਸੇਡਾਨ ਵਿਚ ਭੱਜ ਗਿਆ।
ਟੈਨੇਸੀ ‘ਚ ਇੱਕ ਭਾਰਤੀ-ਗੁਜਰਾਤੀ ਸਟੋਰ ਮਾਲਕ ਦਾ ਲੁੱਟ ਤੋ ਬਾਅਦ ਗੋਲੀਆਂ ਮਾਰ ਕੇ ਕਤਲ

