-ਪੁਲਿਸ ਨੇ ਡਰਾਈਵਿੰਗ ਲਾਇਸੈਂਸ ਕੀਤਾ ਮੁਅੱਤਲ; ਟਰੱਕ ਵੀ ਜ਼ਬਤ
ਵਿਨਿਪੈੱਗ, 21 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਵਿਚੋਂ ਪੰਜਾਬੀ ਭਾਈਚਾਰੇ ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਲੇਡਨ ਇਲਾਕੇ ਵਿਚ ਪੁਲਿਸ ਨੇ ਸ਼ਰਾਬ ਦੇ ਨਸ਼ੇ ਵਿਚ ਟਰੱਕ ਚਲਾਉਣ ਦੇ ਦੋਸ਼ ਹੇਠ ਬਰੈਂਪਟਨ ਦੇ ਰਹਿਣ ਵਾਲੇ 33 ਸਾਲਾ ਚਮਕੌਰ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸੜਕੀ ਸੁਰੱਖਿਆ ਅਤੇ ਨਸ਼ੇ ਵਿਚ ਗੱਡੀ ਚਲਾਉਣ ਦੇ ਗੰਭੀਰ ਮੁੱਦੇ ਨੂੰ ਉਭਾਰਿਆ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਦੇ ਅਧਿਕਾਰੀਆਂ ਅਨੁਸਾਰ, ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪੁਲਿਸ ਗਸ਼ਤ ਦੌਰਾਨ ਮਾਊਂਟੇਨਵਿਊ ਰੋਡ ਅਤੇ ਐਸਕਾਰਪਮੈਂਟ ਸਾਈਡ ਰੋਡ ਦੇ ਖੇਤਰ ਵਿਚ ਸੀ। ਉੱਥੇ ਇੱਕ ਡੰਪ ਟਰੱਕ ਨੂੰ ਉਸ ਸੜਕ ‘ਤੇ ਜਾਂਦਿਆਂ ਵੇਖਿਆ ਗਿਆ, ਜਿੱਥੇ ਭਾਰੀ ਵਾਹਨਾਂ ਦੇ ਜਾਣ ‘ਤੇ ਸਖ਼ਤ ਮਨਾਹੀ ਹੈ।
ਸ਼ੱਕ ਪੈਣ ‘ਤੇ ਪੁਲਿਸ ਨੇ ਤੁਰੰਤ ਟਰੱਕ ਨੂੰ ਰੋਕ ਲਿਆ। ਪੁੱਛਗਿੱਛ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਡਰਾਈਵਰ ਚਮਕੌਰ ਸੰਧੂ ਨੇ ਭਾਰੀ ਮਾਤਰਾ ਵਿਚ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਕੰਟਰੋਲ ਕਰਨ ਦੇ ਸਮਰੱਥ ਨਹੀਂ ਸੀ।
ਪੁਲਿਸ ਨੇ ਡਰਾਈਵਰ ਵਿਰੁੱਧ ਨਸ਼ੇ ਦੀ ਹਾਲਤ ਵਿਚ ਟਰੱਕ ਚਲਾਉਣ, ਨਸ਼ੇ ਦੀ ਮੌਜੂਦਗੀ ਅਤੇ ਪਾਬੰਦੀਸ਼ੁਦਾ ਰਸਤੇ ‘ਤੇ ਗ਼ੈਰ-ਕਾਨੂੰਨੀ ਢੰਗ ਨਾਲ ਭਾਰੀ ਵਾਹਨ ਲਿਜਾਣ ਦੇ ਦੋਸ਼ ਲਾਏ ਹਨ। ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਪੁਲਿਸ ਨੇ ਟਰੱਕ ਨੂੰ 7 ਦਿਨਾਂ ਲਈ ਜ਼ਬਤ ਕਰ ਲਿਆ ਹੈ ਅਤੇ ਦੋਸ਼ੀ ਦਾ ਡਰਾਈਵਿੰਗ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਚਮਕੌਰ ਸੰਧੂ ਨੂੰ ਇਸ ਮਾਮਲੇ ਸਬੰਧੀ ਅਗਲੇ ਮਹੀਨੇ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕਮਰਸ਼ੀਅਲ (ਟਰੱਕ ਜਾਂ ਬੱਸ) ਡਰਾਈਵਰਾਂ ਲਈ ਕਾਨੂੰਨ ਬਹੁਤ ਸਖ਼ਤ ਹਨ ਅਤੇ ਖ਼ੂਨ ਵਿਚ ਅਲਕੋਹਲ ਦੀ ਮਾਤਰਾ ਸਬੰਧੀ ਇੱਥੇ ‘ਜ਼ੀਰੋ-ਟਾਲਰੈਂਸ’ ਨੀਤੀ ਲਾਗੂ ਹੈ।
ਸ਼ਰਾਬ ਦੇ ਨਸ਼ੇ ‘ਚ ਡੰਪ ਟਰੱਕ ਚਲਾਉਂਦਾ ਪੰਜਾਬੀ ਡਰਾਈਵਰ ਗ੍ਰਿਫ਼ਤਾਰ

