#CANADA

ਐਡਮਿੰਟਨ ‘ਚ ਭਾਰਤੀ ਮੂਲ ਦੀ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ

ਵੈਨਕੂਵਰ, 21 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੇ ਟਾਊਨ ਹੋਮ ਕੰਪਲੈਕਸ ‘ਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਸ਼ੱਕ ਪੁਲਿਸ ਨੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ ਪਰ ਜਨਤਕ ਹੋਈ ਜਾਣਕਾਰੀ ਮੁਤਾਬਕ ਉਸ ਦਾ ਨਾਮ ਜੈਜ਼ਮੀਨ ਧਾਮੀ ਉਰਫ਼ ਢੇਸੀ ਹੈ, ਜੋ ਉੱਥੇ ਕਿਸੇ ਨੂੰ ਮਿਲਣ ਗਈ ਸੀ। ਘਟਨਾ 129 ਐਵੇਨਿਊ ਅਤੇ 16 ਸਟਰੀਟ ਖੇਤਰ ਨੇੜਲੇ ਟਾਊਨ ਹੋਮ ਕੰਪਲੈਕਸ ਵਿਚ ਵਾਪਰੀ। ਪੁਲਿਸ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚਣ ਮਗਰੋਂ ਉਨ੍ਹਾਂ ਨੂੰ ਲੜਕੀ ਗੰਭੀਰ ਹਾਲਤ ‘ਚ ਮਿਲੀ ਅਤੇ ਹਸਪਤਾਲ ਪਹੁੰਚਾਏ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਉਸ ਦੇ ਹਾਣੀ ਨਾਬਾਲਗ ਲੜਕੇ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰ ਰਹੀ ਹੈ। ਪੁਲਿਸ ਨੇ ਹੱਤਿਆ ਦੇ ਕਾਰਨ ਬਾਰੇ ਕੁਝ ਨਹੀਂ ਦੱਸਿਆ।