-ਜਹਾਜ਼ ਦੇ ਪਾਇਲਟ ਦੀ ਹੋਈ ਮੌਤ; ਹੈਲੀਕਾਪਟਰ ਸਵਾਰ 2 ਪੁਲਿਸ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖਮੀ
ਪੈਨਸਿਲਵੇਨੀਆ, 20 ਅਗਸਤ (ਪੰਜਾਬ ਮੇਲ)- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੈਨਸਿਲਵੇਨੀਆ ਸੂਬੇ ਦੇ ਕੰਬਰਲੈਂਡ ਕਾਊਂਟੀ ਸਥਿਤ ਕਾਰਲਾਈਲ ਏਅਰਪੋਰਟ ਨੇੜੇ ਟ੍ਰੇਨਿੰਗ ਦੌਰਾਨ ਪੈਨਸਿਲਵੇਨੀਆ ਸਟੇਟ ਪੁਲਿਸ ਦੇ ਹੈਲੀਕਾਪਟਰ ਅਤੇ ਇੱਕ ਛੋਟੇ ਜਹਾਜ਼ ਦੀ ਹਵਾ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ, ਜਦਕਿ ਹੈਲੀਕਾਪਟਰ ਸਵਾਰ 2 ਪੁਲਿਸ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।
ਫ਼ੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਅਨੁਸਾਰ, ਇਹ ਹਾਦਸਾ ਬੁੱਧਵਾਰ ਰਾਤ ਨੂੰ ਉਸ ਸਮੇਂ ਵਾਪਰਿਆ, ਜਦੋਂ ਪੁਲਿਸ ਦਾ ‘ਬੈੱਲ 407’ ਹੈਲੀਕਾਪਟਰ ਟ੍ਰੇਨਿੰਗ ਐਕਸਰਸਾਈਜ਼ ਕਰ ਰਿਹਾ ਸੀ। ਇਸ ਦੌਰਾਨ ਇੱਕ ਛੋਟਾ ਜਹਾਜ਼ (ਸੇਸਨਾ 150) ਹੈਲੀਕਾਪਟਰ ਨਾਲ ਆ ਟਕਰਾਇਆ ਤੇ ਦੋਵੇਂ ਏਅਰਕ੍ਰਾਫਟ ਕ੍ਰੈਸ਼ ਹੋ ਕੇ ਜ਼ਮੀਨ ‘ਤੇ ਆ ਡਿੱਗੇ।
ਹਾਦਸੇ ‘ਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹੈਲੀਕਾਪਟਰ ‘ਚ ਮੌਜੂਦ ਪੈਨਸਿਲਵੇਨੀਆ ਸਟੇਟ ਪੁਲਿਸ ਦੇ ਦੋ ਅਧਿਕਾਰੀ- ਕਾਰਪੋਰਲ ਬ੍ਰਾਇਸ ਕੋਰਮੈਨ ਅਤੇ ਟਰੂਪਰ ਜੇਸਨ ਮਿਲਜ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਪੈੱਨ ਸਟੇਟ ਹਰਸ਼ੇ ਮੈਡੀਕਲ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ।
ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਨੇ ਹਸਪਤਾਲ ਪਹੁੰਚ ਕੇ ਜ਼ਖਮੀ ਪੁਲਿਸ ਕਰਮਚਾਰੀਆਂ ਦਾ ਹਾਲ-ਚਾਲ ਜਾਣਿਆ। ਅਮਰੀਕੀ ਟਰਾਂਸਪੋਰਟ ਸੈਕ੍ਰੇਟਰੀ ਸੀਨ ਡੱਫੀ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐੱਨ.ਟੀ.ਐੱਸ.ਬੀ.) ਅਤੇ ਐੱਫ.ਏ.ਏ. ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਪੈਨਸਿਲਵੇਨੀਆ ‘ਚ ਹੈਲੀਕਾਪਟਰ ਤੇ ਛੋਟੇ ਜਹਾਜ਼ ਦੀ ਭਿਆਨਕ ਟੱਕਰ

