ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)- ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਦੇਸ਼ ਦੀਆਂ 30 ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮੁੱਖ ਤੌਰ ‘ਤੇ ਚੀਨੀ ਯੂਨੀਵਰਸਿਟੀਆਂ ਅਤੇ ਮਿਲਟਰੀ ਟ੍ਰੇਨਿੰਗ ਇੰਸਟੀਚਿਊਟਸ ਨਾਲ ਆਪਣੀ ਭਾਈਵਾਲੀ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਪ੍ਰਸ਼ਾਸਨ ਵੱਲੋਂ ਚੀਨ ਦੇ ਵਧਦੇ ਗਲੋਬਲ ਪ੍ਰਭਾਵ ਅਤੇ ਰਾਸ਼ਟਰੀ ਸੁਰੱਖਿਆ ਦੇ ਖਤਰਿਆਂ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ।
ਪੈਂਟਾਗਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਹ ਯੂਨੀਵਰਸਿਟੀਆਂ ਅਗਲੇ ਦੋ ਹਫ਼ਤਿਆਂ ਦੇ ਅੰਦਰ ਆਪਣਾ ਆਡਿਟ ਪੂਰਾ ਨਹੀਂ ਕਰਦੀਆਂ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣਨ ਵਾਲੇ ਕਿਸੇ ਵੀ ਸਮਝੌਤੇ ਨੂੰ ਖ਼ਤਮ ਨਹੀਂ ਕਰਦੀਆਂ, ਤਾਂ ਉਨ੍ਹਾਂ ਦੀਆਂ ਸਰਕਾਰੀ ਗ੍ਰਾਂਟਾਂ ਅਤੇ ਫੰਡਿੰਗ ਰੋਕ ਦਿੱਤੀ ਜਾਵੇਗੀ।
ਹਾਲਾਂਕਿ ਪੈਂਟਾਗਨ ਨੇ ਅਧਿਕਾਰਤ ਤੌਰ ‘ਤੇ ਸੰਸਥਾਵਾਂ ਦੇ ਨਾਂ ਜਾਰੀ ਨਹੀਂ ਕੀਤੇ, ਪਰ ਇੱਕ ਸਰਕਾਰੀ ਅਧਿਕਾਰੀ ਅਨੁਸਾਰ ਇਨ੍ਹਾਂ ਵਿਚ ਹਾਰਵਰਡ ਯੂਨੀਵਰਸਿਟੀ, ਮੈਸਾਚੂਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮ.ਆਈ.ਟੀ.) ਅਤੇ ਜੌਨਸ ਹੌਪਕਿਨਜ਼ ਯੂਨੀਵਰਸਿਟੀ ਵਰਗੀਆਂ ਨਾਮਵਰ ਸੰਸਥਾਵਾਂ ਸ਼ਾਮਲ ਹਨ।
ਪੈਂਟਾਗਨ ਦੇ ਚੀਫ਼ ਟੈਕਨਾਲੋਜੀ ਅਫ਼ਸਰ ਐਮਿਲ ਮਾਈਕਲ ਨੇ ਇਕ ਬਿਆਨ ‘ਚ ਕਿਹਾ, ”ਟੈਕਸਪੇਅਰਜ਼ ਦੇ ਪੈਸੇ ਨਾਲ ਹੋਣ ਵਾਲੀ ਰਿਸਰਚ ਦੀ ਚੋਰੀ ਨੂੰ ਰੋਕਣਾ ਸਾਡੀ ਤਰਜੀਹ ਹੈ। ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੀਆਂ ਅਕਾਦਮਿਕ ਭਾਈਵਾਲੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
ਜ਼ਿਕਰਯੋਗ ਹੈ ਕਿ ਇਹ ਹੁਕਮ ਪੈਂਟਾਗਨ ਵੱਲੋਂ ਜਾਰੀ ਕੀਤੀ ਗਈ 130 ਵਿਦੇਸ਼ੀ ਸੰਸਥਾਵਾਂ ਦੀ ਸੂਚੀ ਤੋਂ ਬਾਅਦ ਆਇਆ ਹੈ, ਜਿਨ੍ਹਾਂ ‘ਤੇ ਅਮਰੀਕੀ ਸਰਕਾਰੀ ਰਿਸਰਚ ਦਾ ਗਲਤ ਫਾਇਦਾ ਚੁੱਕਣ ਦੇ ਦੋਸ਼ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਚੀਨੀ ਅਤੇ ਕੁਝ ਇਰਾਨੀ ਤੇ ਰੂਸੀ ਸੰਸਥਾਵਾਂ ਹਨ।
ਅਮਰੀਕਨ ਕੌਂਸਲ ਆਨ ਐਜੂਕੇਸ਼ਨ (ਏ.ਸੀ.ਈ.) ਨੇ ਬਿਨਾਂ ਕਿਸੇ ਠੋਸ ਸਬੂਤ ਦੇ ਯੂਨੀਵਰਸਿਟੀਆਂ ‘ਤੇ ਅਜਿਹੇ ਦੋਸ਼ ਲਗਾਉਣ ‘ਤੇ ਚਿੰਤਾ ਜਤਾਈ ਹੈ। ਦੂਜੇ ਪਾਸੇ, ਚੀਨੀ ਦੂਤਾਵਾਸ ਦੇ ਬੁਲਾਰੇ ਨੇ ਅਮਰੀਕਾ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਗਿਆਨਕ ਅਤੇ ਵਿਦਿਅਕ ਆਦਾਨ-ਪ੍ਰਦਾਨ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।
ਪੈਂਟਾਗਨ ਵੱਲੋਂ 30 ਅਮਰੀਕੀ ਯੂਨੀਵਰਸਿਟੀਆਂ ਨੂੰ ਸਖ਼ਤ ਹੁਕਮ ਜਾਰੀ!

