ਵਾਸ਼ਿੰਗਟਨ, 19 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲਿਆਂ ਵਾਸਤੇ ਇੱਕ ਮਹੱਤਵਪੂਰਨ ਨਵੀਂ ਅਪਡੇਟ ਸਾਹਮਣੇ ਆਈ ਹੈ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਪਬਲਿਕ ਚਾਰਜ ਦੇ ਆਧਾਰ ‘ਤੇ ਕਿਸੇ ਵਿਅਕਤੀ ਨੂੰ ਅਮਰੀਕਾ ਵਿਚ ਪੱਕੀ ਰਿਹਾਇਸ਼ ਲਈ ਅਯੋਗ ਮੰਨਿਆ ਜਾ ਸਕਦਾ ਹੈ ਜਾਂ ਨਹੀਂ, ਇਸ ਬਾਰੇ ਆਪਣੀ ਪਾਲਿਸੀ ਮੈਨੂਅਲ ਵਿਚ ਨਵੀਂ ਗਾਈਡੈਂਸ ਜਾਰੀ ਕੀਤੀ ਹੈ।
ਇਹ ਅਪਡੇਟ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਹੈ, ਜੋ ਐਡਜਸਮੈਂਟ ਆਫ ਸਟੇਟਸ ਰਾਹੀਂ ਗ੍ਰੀਨ ਕਾਰਡ ਲੈਣ ਦੀ ਪ੍ਰਕਿਰਿਆ ਵਿਚ ਹਨ। ਯੂ.ਐੱਸ.ਸੀ.ਆਈ.ਐੱਸ. ਅਧਿਕਾਰੀ ਪਬਲਿਕ ਚਾਰਜ ਦਾ ਫੈਸਲਾ ਕਰਦੇ ਸਮੇਂ ਸਿਰਫ਼ ਇੱਕ ਗੱਲ ਦੇ ਆਧਾਰ ‘ਤੇ ਫੈਸਲਾ ਨਹੀਂ ਕਰਨਗੇ, ਸਗੋਂ ਕਾਨੂੰਨ ਅਧੀਨ ਲਾਗੂ ਹਾਲਾਤਾਂ ਨੂੰ ਇਕੱਠੇ ਦੇਖ ਕੇ ਫੈਸਲਾ ਕਰਨਗੇ। ਇਹ ਨਵੀਂ ਗਾਈਡੈਂਸ ਉਸ ਵੱਡੇ ਬਦਲਾਅ ਦਾ ਹਿੱਸਾ ਹੈ, ਜਿਸ ਵਿਚ ਡੀ.ਐੱਚ.ਐੱਸ. ਪਹਿਲਾਂ ਹੀ 2022 ਵਾਲਾ ਪਬਲਿਕ ਚਾਰਜ ਨਿਯਮ ਰੱਦ ਕਰਨ ਦਾ ਐਲਾਨ ਕਰ ਚੁੱਕਾ ਹੈ।
ਇਸ ਕਰਕੇ ਗ੍ਰੀਨ ਕਾਰਡ ਦੀ ਅਰਜ਼ੀ ਦੇਣ ਵਾਲਿਆਂ ਲਈ ਆਪਣੀ ਅਰਜ਼ੀ ਅਤੇ ਲੋੜੀਂਦੇ ਸਬੂਤ ਪੂਰੇ ਅਤੇ ਸਹੀ ਤਰੀਕੇ ਨਾਲ ਦੇਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਹਰ ਵਿਅਕਤੀ ਦਾ ਕੇਸ ਵੱਖਰਾ ਹੋ ਸਕਦਾ ਹੈ, ਇਸ ਲਈ ਕਿਸੇ ਸਰਕਾਰੀ ਮਦਦ ਜਾਂ ਲਾਭ ਦੀ ਵਰਤੋਂ ਨੂੰ ਆਪਣੇ ਆਪ ਗ੍ਰੀਨ ਕਾਰਡ ਰੱਦ ਹੋਣ ਦੇ ਬਰਾਬਰ ਨਹੀਂ ਸਮਝਣਾ ਚਾਹੀਦਾ।
ਗ੍ਰੀਨ ਕਾਰਡ ਕੇਸਾਂ ਲਈ ਯੂ.ਐੱਸ.ਸੀ.ਆਈ.ਐੱਸ. ਦੀ ਨਵੀਂ ਪਬਲਿਕ ਚਾਰਜ ਗਾਈਡੈਂਸ ਜਾਰੀ

