#AMERICA

ਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫਤਾਰ

ਸੈਕਰਾਮੈਂਟੋ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇੱਕ 20 ਸਾਲਾ ਭਾਰਤੀ ਵਿਦਿਆਰਥੀ ਨੂੰ ਐਰੀਜ਼ੋਨਾ ਯੂਨੀਵਰਸਿਟੀ ਦੇ ਨੇੜੇ ਇੱਕ ਅਪਾਰਟਮੈਂਟ ਵਿਚ ਆਪਣੀ 19 ਸਾਲਾ ਪ੍ਰੇਮਿਕਾ ਦੀ ਮੌਤ ਦੇ ਸਬੰਧ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ। ਵਰੁਣ ਬਾਚਿਗਾਰੀ ‘ਤੇ ਜੂਲੀਸਾ ਰੂਬੀ ਸਲਾਜ਼ਾਰ ਨਾਮੀ ਕੁੜੀ ਦੀ ਹੱਤਿਆ ਦਾ ਦੋਸ਼ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਬਾਚਿਗਾਰੀ ਨੇ ਸਲਾਜ਼ਾਰ ਦੇ ਫੋਨ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ, ਜਿਸ ਕਾਰਨ ਪਹਿਲੀ ਨਜਰੇ ਸ਼ੱਕ ਉਸ ਉਪਰ ਹੋਇਆ। ਪੁਲਿਸ ਅਨੁਸਾਰ ਟਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਹ ਹਿਊਸਟਨ ਲਈ ਇੱਕ ਉਡਾਣ ਵਿਚ ਸਵਾਰ ਹੋਇਆ ਸੀ। ਉਹ ਭਾਰਤ ਭੱਜ ਜਾਣ ਦੀ ਕੋਸ਼ਿਸ਼ ‘ਚ ਸੀ। ਮੀਡੀਆ ਰਿਪੋਰਟ ਅਨੁਸਾਰ ਬਾਚਿਗਾਰੀ ਐਰੀਜ਼ੋਨਾ ਯੂਨੀਵਰਸਿਟੀ ਵਿਚ ਵਪਾਰਕ ਵਿਸ਼ਲੇਸ਼ਣ ਦੀ ਪੜ੍ਹਾਈ ਕਰ ਰਿਹਾ ਸੀ ਪਰੰਤੂ ਉਸ ਦੀ ਕਿਸੇ ਨਾਲ ਹੋਈ ਲੜਾਈ ਤੋਂ ਬਾਅਦ ਉਸ ਨੂੰ ਯੁਨੀਵਰਸਿਟੀ ਵਿਚੋਂ ਕੱਢ ਦਿੱਤਾ ਸੀ। ਇਸ ਸਬੰਧ ‘ਚ ਮਈ ਵਿਚ ਪੀਮਾ ਕਾਉਂਟੀ ਅਦਾਲਤ ਵਿਚ ਉਸ ਵਿਰੁੱਧ ਇੱਕ ਵੱਖਰਾ ਮਾਮਲਾ ਦਾਇਰ ਕੀਤਾ ਗਿਆ ਸੀ।