ਚੰਡੀਗੜ੍ਹ, 19 ਅਗਸਤ (ਪੰਜਾਬ ਮੇਲ)- ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਿਆਸੀ ਰਣਨੀਤੀ ਨੂੰ ਹੋਰ ਮਜ਼ਬੂਤ ਕਰਦਿਆਂ ਰਾਜਸਥਾਨ ਦੇ ਸੀਨੀਅਰ ਆਗੂ ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਹਾਈਕਮਾਂਡ ਦੇ ਇਸ ਫ਼ੈਸਲੇ ਨੂੰ ਪੰਜਾਬ ਵਿਚ ਭਾਜਪਾ ਦੀ ਚੋਣ ਤਿਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਸਤੀਸ਼ ਪੂਨੀਆ ਰਾਜਸਥਾਨ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਵੇਲੇ ਰਾਜ ਸਭਾ ਮੈਂਬਰ ਹਨ। ਪਿਛਲੇ ਕੁਝ ਮਹੀਨਿਆਂ ਤੋਂ ਉਹ ਪੰਜਾਬ ਵਿਚ ਪਾਰਟੀ ਸੰਗਠਨ ਨਾਲ ਜੁੜੀਆਂ ਸਰਗਰਮੀਆਂ ਨੂੰ ਨੇੜਿਓਂ ਦੇਖ ਰਹੇ ਸਨ। ਹੁਣ ਉਨ੍ਹਾਂ ਨੂੰ ਰਸਮੀ ਤੌਰ ‘ਤੇ ਪੰਜਾਬ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਸਨ। ਉਨ੍ਹਾਂ ਤੋਂ ਬਾਅਦ ਇਹ ਅਹੁਦਾ ਲੰਮੇ ਸਮੇਂ ਤੋਂ ਖ਼ਾਲੀ ਚੱਲ ਰਿਹਾ ਸੀ।
ਭਾਜਪਾ ਵੱਲੋਂ ਪੰਜਾਬ ਲਈ ਬਣਾਈ ਜਾ ਰਹੀ ਨਵੀਂ ਰਣਨੀਤੀ ਵਿਚ ਪੇਂਡੂ ਖੇਤਰਾਂ ਅਤੇ ਵੱਖ-ਵੱਖ ਸਮਾਜਿਕ ਵਰਗਾਂ ਤੱਕ ਪਾਰਟੀ ਦੀ ਪਹੁੰਚ ਵਧਾਉਣ ‘ਤੇ ਖ਼ਾਸ ਧਿਆਨ ਦਿੱਤਾ ਜਾ ਸਕਦਾ ਹੈ। ਪੂਨੀਆ ਖ਼ੁਦ ਜੱਟ ਭਾਈਚਾਰੇ ਨਾਲ ਸਬੰਧਤ ਹਨ ਅਤੇ ਰਾਜਸਥਾਨ ਵਿਚ ਸੰਗਠਨ ਚਲਾਉਣ ਦਾ ਲੰਮਾ ਤਜ਼ਰਬਾ ਰੱਖਦੇ ਹਨ। ਪਾਰਟੀ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਤਜ਼ਰਬੇ ਦਾ ਲਾਭ ਪੰਜਾਬ ਵਿਚ ਸੰਗਠਨ ਮਜ਼ਬੂਤ ਕਰਨ ਲਈ ਮਿਲੇਗਾ।
ਰਿਪੋਰਟ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਪੰਜਾਬ ਵਿਚ ਪਾਰਟੀ ਦੀਆਂ ਸਰਗਰਮੀਆਂ ਨਾਲ ਜੁੜ ਕੇ ਕੰਮ ਕਰਨਗੇ। ਭਾਜਪਾ ਜੱਟ ਸਿੱਖ ਵੋਟਰਾਂ ਦੇ ਨਾਲ-ਨਾਲ ਪੱਛੜੇ ਵਰਗਾਂ ਅਤੇ ਦਲਿਤ ਭਾਈਚਾਰੇ ਵਿਚ ਵੀ ਆਪਣੀ ਪਕੜ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਵਿਚ ਭਾਜਪਾ ਪਹਿਲਾਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ 117 ਸੀਟਾਂ ‘ਤੇ ਆਪਣਾ ਸੰਗਠਨ ਮਜ਼ਬੂਤ ਕਰਨ ਦੀ ਗੱਲ ਕਰ ਚੁੱਕੀ ਹੈ। ਅਜਿਹੇ ਵਿਚ ਸਤੀਸ਼ ਪੂਨੀਆ ਦੀ ਨਿਯੁਕਤੀ ਨੂੰ ਪਾਰਟੀ ਦੇ ‘ਮਿਸ਼ਨ ਪੰਜਾਬ’ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ਵਿਚ ਪਾਰਟੀ ਦੀ ਉਮੀਦਵਾਰ ਚੋਣ, ਸੰਗਠਨ ਵਿਸਥਾਰ ਅਤੇ ਪੰਜਾਬ ਲਈ ਚੋਣ ਮੁੱਦਿਆਂ ਦੀ ਰਣਨੀਤੀ ਵਿਚ ਪੂਨੀਆ ਦੀ ਭੂਮਿਕਾ ਮਹੱਤਵਪੂਰਨ ਰਹਿਣ ਦੀ ਸੰਭਾਵਨਾ ਹੈ।
2027 ਵਿਧਾਨ ਸਭਾ ਚੋਣਾਂ; ਪੰਜਾਬ ਭਾਜਪਾ ਦੇ ਨਵੇਂ ਇੰਚਾਰਜ ਬਣੇ ਸਤੀਸ਼ ਪੂਨੀਆ

