ਚੰਡੀਗੜ੍ਹ, 17 ਅਗਸਤ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਵਿਚਕਾਰ ਚੱਲ ਰਹੀ ਖਿੱਚੋਤਾਣ ਈਸੜੂ ਵਿਖੇ ਕਰਵਾਈ ਗਈ ਸਿਆਸੀ ਕਾਨਫਰੰਸ ਦੌਰਾਨ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ। ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕੋ ਸਟੇਜ ਸਾਂਝੀ ਕੀਤੀ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮਾਗਮ ਵਿੱਚੋਂ ਗ਼ੈਰ-ਹਾਜ਼ਰ ਰਹੇ।
ਸਮਾਗਮ ਲਈ ਲਗਾਏ ਗਏ ਕਈ ਫਲੈਕਸ ਬੋਰਡਾਂ ਅਤੇ ਪੋਸਟਰਾਂ ਵਿੱਚੋਂ ਵੀ ਰਾਜਾ ਵੜਿੰਗ ਦੀ ਤਸਵੀਰ ਗਾਇਬ ਰਹੀ। ਕਾਨਫਰੰਸ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ‘ਚੰਨੀ-ਚੰਨੀ’ ਦੇ ਨਾਅਰੇ ਲਗਾਏ ਗਏ। ਇਨ੍ਹਾਂ ਘਟਨਾਵਾਂ ਨੂੰ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਾ ਵੜਿੰਗ ਦੇ ‘ਇੱਕ ਪਰਿਵਾਰ, ਇੱਕ ਟਿਕਟ’ ਵਾਲੇ ਬਿਆਨ ਦਾ ਸਟੇਜ ਤੋਂ ਸਿੱਧਾ ਜਵਾਬ ਦਿੱਤਾ। ਰੰਧਾਵਾ ਨੇ ਕਿਹਾ ਕਿ ਜੇਕਰ ਕਿਸੇ ਪਰਿਵਾਰ ਦੇ ਉਮੀਦਵਾਰਾਂ ਵਿੱਚ ਚੋਣ ਜਿੱਤਣ ਦੀ ਸਮਰੱਥਾ ਹੋਵੇਗੀ ਤਾਂ ਉਸ ਪਰਿਵਾਰ ਨੂੰ ਦੋ ਹੀ ਨਹੀਂ, ਸਗੋਂ ਚਾਰ ਟਿਕਟਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਦਾ ਮੁੱਖ ਆਧਾਰ ਉਨ੍ਹਾਂ ਦੀ ਜਿੱਤਣ ਦੀ ਸਮਰੱਥਾ ਹੋਣੀ ਚਾਹੀਦੀ ਹੈ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਪਰਿਵਾਰ ਦੇ ਖ਼ੂਨ ਵਿੱਚ ਹੈ ਅਤੇ ਉਨ੍ਹਾਂ ਨੂੰ ਕਿਸੇ ਤੋਂ ਕਾਂਗਰਸੀ ਹੋਣ ਦਾ ਪ੍ਰਮਾਣ-ਪੱਤਰ ਲੈਣ ਦੀ ਲੋੜ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਦੀ ਨੀਂਹ ਰੱਖੇਗੀ।
ਚੰਨੀ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਮੁੱਦੇ ਉੱਤੇ ਜਲਦੀ ਫ਼ੈਸਲਾ ਲੈਣ ਲਈ ਕਿਹਾ। ਉਨ੍ਹਾਂ ਅਮਨ-ਕਾਨੂੰਨ ਅਤੇ ਨਸ਼ਿਆਂ ਦੇ ਮੁੱਦੇ ਉੱਤੇ ਵੀ ਸਰਕਾਰ ਦੀ ਆਲੋਚਨਾ ਕੀਤੀ।
ਈਸੜੂ ਕਾਨਫਰੰਸ ਵਿੱਚ ਪੰਜਾਬ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ

