ਚੰਡੀਗੜ੍ਹ, 17 ਅਗਸਤ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਕਾਦੀਆਂ–ਬਿਆਸ ਰੇਲ ਮਾਰਗ ਲਈ 1,419.05 ਕਰੋੜ ਰੁਪਏ ਦੀ ਵਿਸਥਾਰਤ ਲਾਗਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਇਸ ਨੂੰ ਮਾਝਾ ਖੇਤਰ ਲਈ ਇਤਿਹਾਸਕ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਕਈ ਕਸਬੇ ਅਤੇ ਪਿੰਡ ਪਹਿਲੀ ਵਾਰ ਸਿੱਧੇ ਰੇਲ ਜਾਲ ਨਾਲ ਜੁੜ ਸਕਣਗੇ।
ਇਹ 39.68 ਕਿਲੋਮੀਟਰ ਲੰਮਾ ਰੇਲ ਮਾਰਗ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗਾ। ਰੇਲ ਲਾਈਨ ਕਾਦੀਆਂ, ਧਪਈ, ਘੁਮਾਣ, ਬੁਟਾਲਾ, ਸਠਿਆਲਾ ਅਤੇ ਬਿਆਸ ਵਿੱਚੋਂ ਲੰਘੇਗੀ। ਪ੍ਰਾਜੈਕਟ ਅਧੀਨ ਘੁਮਾਣ ਅਤੇ ਬੁਟਾਲਾ ਵਿੱਚ ਰੇਲਵੇ ਸਟੇਸ਼ਨ, 11 ਵੱਡੇ ਪੁਲ, 121 ਛੋਟੇ ਪੁਲ ਅਤੇ 54 ਸੜਕੀ ਹੇਠਲੇ ਪੁਲ ਬਣਾਏ ਜਾਣਗੇ। ਆਧੁਨਿਕ ਸੰਕੇਤ ਪ੍ਰਣਾਲੀ ਅਤੇ ਕਵਚ ਸੁਰੱਖਿਆ ਤਕਨੀਕ ਵੀ ਲਗਾਈ ਜਾਵੇਗੀ।
ਬਿੱਟੂ ਅਨੁਸਾਰ ਇਸ ਰੇਲ ਮਾਰਗ ਨਾਲ ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਧਾਰਮਿਕ ਯਾਤਰੀਆਂ ਨੂੰ ਵੱਡਾ ਲਾਭ ਮਿਲੇਗਾ। ਖੇਤੀ ਉਤਪਾਦਾਂ ਅਤੇ ਵਪਾਰਕ ਸਾਮਾਨ ਦੀ ਢੋਆ-ਢੁਆਈ ਸੌਖੀ ਹੋਵੇਗੀ ਅਤੇ ਬਟਾਲਾ ਦੇ ਉਦਯੋਗਿਕ ਖੇਤਰ ਨੂੰ ਵੀ ਬਿਹਤਰ ਰੇਲ ਸੰਪਰਕ ਮਿਲੇਗਾ।
ਬਿੱਟੂ ਨੇ ਪੰਜਾਬ ਸਰਕਾਰ ਨੂੰ ਜ਼ਮੀਨ ਪ੍ਰਾਪਤੀ ਅਤੇ ਹੋਰ ਪ੍ਰਸ਼ਾਸਕੀ ਕਾਰਵਾਈ ਤੁਰੰਤ ਪੂਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋੜੀਂਦੇ ਫੰਡ ਪਹਿਲਾਂ ਹੀ ਸਬੰਧਤ ਡਿਪਟੀ ਕਮਿਸ਼ਨਰਾਂ ਕੋਲ ਉਪਲਬਧ ਹਨ ਅਤੇ ਹੁਣ ਦੇਰੀ ਦਾ ਕੋਈ ਕਾਰਨ ਨਹੀਂ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਪ੍ਰਾਜੈਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਮਾਝਾ ਖੇਤਰ ਵਿੱਚ ਵਪਾਰ, ਰੁਜ਼ਗਾਰ, ਨਿਵੇਸ਼ ਅਤੇ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।
ਕਾਦੀਆਂ–ਬਿਆਸ ਰੇਲ ਮਾਰਗ ਲਈ 1,419 ਕਰੋੜ ਰੁਪਏ ਦੀ ਲਾਗਤ ਨੂੰ ਮਨਜ਼ੂਰੀ

