#AMERICA

ਅਮਰੀਕਾ ‘ਚ ‘ਸੀਰੀਅਲ ਕਿੱਲਰ’ ਵੱਲੋਂ 5 ਲੋਕਾਂ ਦਾ ਕਤਲ!

ਵਾਸ਼ਿੰਗਟਨ, 15 ਅਗਸਤ (ਪੰਜਾਬ ਮੇਲ)- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਿਸ਼ੀਗਨ ਸੂਬੇ ‘ਚ ਸ਼ੁੱਕਰਵਾਰ ਨੂੰ ਇਕ ਸੀਰੀਅਲ ਕਿੱਲਰ ਨੇ ਇਕ-ਇਕ ਕਰ 5 ਲੋਕਾਂ ਦੀ ਜਾਨ ਲੈ ਲਈ ਤੇ ਫ਼ਿਰ ਕਾਰ ‘ਚੋਂ ਖੁਦ ਦੀ ਵੀ ਲਾਸ਼ ਬਰਾਮਦ ਹੋਈ। ਵੱਖ-ਵੱਖ ਥਾਵਾਂ ‘ਤੇ ਚਲਾਏ ਗਏ ਸਰਚ ਆਪਰੇਸ਼ਨ ਤੋਂ ਬਾਅਦ ਸ਼ੱਕੀ ਸਮੇਤ 6 ਲੋਕ ਮ੍ਰਿਤਕ ਮਿਲੇ ਹਨ। ਮਿਸ਼ੀਗਨ ਸਟੇਟ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਡੈਟ੍ਰੋਇਟ ਤੋਂ ਲਗਭਗ 272 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਮਿਸੌਕੀ ਕਾਉਂਟੀ ‘ਚ ਵਾਪਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਲਗਭਗ 12 ਵਜੇ ਪੁਲਿਸ ਨੂੰ ਇੱਕ ਘਰ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਉੱਥੇ 3 ਲੋਕਾਂ ਦੀ ਲਾਸ਼ ਮਿਲੀ, ਜਦਕਿ 1 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਸੀ, ਜਿਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
ਗੋਲੀਬਾਰੀ ਕਰਨ ਵਾਲੇ ਸ਼ੱਕੀ ਦੀ ਪਛਾਣ ਚੈਡ ਹਿਚਮੈਨ (39) ਵਜੋਂ ਹੋਈ ਹੈ, ਜੋ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਉਸ ਦੀ ਤਲਾਸ਼ੀ ਲਈ ਵੱਡੇ ਪੱਧਰ ‘ਤੇ ਅਭਿਆਨ ਚਲਾਇਆ ਅਤੇ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਇਸ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਹੋਰ ਘਰ ‘ਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਮਗਰੋਂ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ। ਬਾਅਦ ‘ਚ ਪੁਲਿਸ ਨੂੰ ਵਿਟਲੌਕ ਲੇਕ ਦੇ ਨੇੜੇ ਜੰਗਲ ‘ਚ ਹਮਲਾਵਰ ਦੀ ਗੱਡੀ ਮਿਲੀ, ਜਿਸ ‘ਚ ਹਿਚਮੈਨ ਅਤੇ ਇੱਕ ਹੋਰ ਵਿਅਕਤੀ ਦੀ ਲਾਸ਼ ਮਿਲੀ।
ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਦੀ ਮੌਤ ਦੇ ਪਿੱਛੇ ਦਾ ਅਸਲ ਕਾਰਨ ਕੀ ਸੀ। ਫਿਲਾਹਲ ਪੁਲਿਸ ਨੇ ਹਮਲਾਵਰ ਤੋਂ ਇਲਾਵਾ ਬਾਕੀ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਜਨਤਕ ਨਹੀਂ ਕੀਤੀ ਹੈ।