#AMERICA

ਅਮਰੀਕੀ ਪ੍ਰਸ਼ਾਸਨ ਵੱਲੋਂ ਭਾਰਤੀ ਚੀਜ਼ਾਂ ‘ਤੇ 10 ਫ਼ੀਸਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ

ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)- ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਚੀਜ਼ਾਂ ‘ਤੇ 10 ਫ਼ੀਸਦੀ ਵਾਧੂ ਟੈਰਿਫ (ਟੈਕਸ) ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਵਲੋਂ ਇਹ ਫ਼ੈਸਲਾ ਜਬਰੀ ਮਜ਼ਦੂਰੀ ਵਿਰੁੱਧ ਆਪਣੇ ਟ੍ਰੇਡ ਐਕਸ਼ਨ ਤਹਿਤ ਲਿਆ ਗਿਆ ਹੈ। ਅਮਰੀਕੀ ਵਪਾਰ ਪ੍ਰਤੀਨਿਧ (ਯੂ.ਐੱਸ.ਟੀ.ਆਰ.) ਵੱਲੋਂ ਯੂ.ਐੱਸ. ਟ੍ਰੇਡ ਐਕਟ ਦੇ ਸੈਕਸ਼ਨ 301 ਦੇ ਤਹਿਤ ਕੀਤੀ ਗਈ ਜਾਂਚ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਯੂ.ਐੱਸ ਸਰਕਾਰੀ ਤੇ ਮੀਡੀਆ ਰਿਪੋਰਟਾਂ ਮੁਤਾਬਕ, ਅਮਰੀਕਾ ਨੇ ਇਸ ਸਾਲ ਮਾਰਚ ਵਿਚ ਭਾਰਤ ਸਮੇਤ 60 ਦੇਸ਼ਾਂ ਵਿਰੁੱਧ ਜਬਰੀ ਮਜ਼ਦੂਰੀ ਨਾਲ ਬਣੇ ਸਾਮਾਨ ਦੇ ਨਿਰਯਾਤ ਨੂੰ ਰੋਕਣ ਵਿਚ ਅਸਫਲ ਰਹਿਣ ਦੇ ਮੁੱਦੇ ‘ਤੇ ਜਾਂਚ ਸ਼ੁਰੂ ਕੀਤੀ ਸੀ। ਸ਼ੁਰੂਆਤੀ ਤੌਰ ‘ਤੇ ਅਮਰੀਕਾ ਵੱਲੋਂ ਭਾਰਤ ‘ਤੇ 12.5 ਫ਼ੀਸਦੀ ਟੈਰਿਫ ਲਗਾਉਣ ਦੀ ਤਜਵੀਜ਼ ਰੱਖੀ ਗਈ ਸੀ।
ਹਾਲਾਂਕਿ, ਭਾਰਤ ਸਰਕਾਰ ਦੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੇਸ਼ ਵਿਚ ਜਬਰੀ ਮਜ਼ਦੂਰੀ ਰਾਹੀਂ ਬਣਾਏ ਗਏ ਸਾਮਾਨ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਅਹਿਮ ਕਾਨੂੰਨੀ ਬਦਲਾਅ ਅਤੇ ਭਾਰਤ-ਅਮਰੀਕਾ ਵਿਚਾਲੇ ਹੋਈ ਸਿੱਧੀ ਵਪਾਰਕ ਗੱਲਬਾਤ ਤੋਂ ਬਾਅਦ, ਅਮਰੀਕਾ ਨੇ ਭਾਰਤ ‘ਤੇ ਲੱਗਣ ਵਾਲੇ ਟੈਕਸ ਨੂੰ ਘਟਾ ਕੇ 10 ਫ਼ੀਸਦੀ ਕਰਨ ਦਾ ਫੈਸਲਾ ਕੀਤਾ। ਇਸ ਨਵੀਂ ਪ੍ਰਣਾਲੀ ਵਿਚ ਭਾਰਤ ਨੂੰ ਦੂਜੇ ਦਰਜੇ (ਟੀਅਰ-2) ਵਿਚ ਰੱਖਿਆ ਗਿਆ ਹੈ, ਜਦੋਂ ਕਿ ਚੀਨ, ਰੂਸ ਅਤੇ ਵੀਅਤਨਾਮ ਵਰਗੇ ਦੇਸ਼ਾਂ ਨੂੰ ਸਭ ਤੋਂ ਸਖ਼ਤ 12.5 ਫ਼ੀਸਦੀ ਦੇ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ।