#CANADA

ਕੈਨੇਡਾ ‘ਚ ਪੰਜਾਬਣ ਕੁੜੀ ਦਾ ਲਿਵ-ਇਨ ਪਾਰਟਨਰ ਵੱਲੋਂ ਕਤਲ!

ਐਡਮਿੰਟਨ, 24 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦਾ ਉਸ ਦੇ ਹੀ ਲਿਵ-ਇਨ ਪਾਰਟਨਰ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ ਸੀ ਅਤੇ 5 ਸਾਲ ਪਹਿਲਾਂ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ।
ਐਡਮਿੰਟਨ ਪੁਲਿਸ ਅਨੁਸਾਰ 9 ਜੁਲਾਈ ਦੀ ਸ਼ਾਮ ਨੂੰ ਸਿਲਵਰਬੇਰੀ ਇਲਾਕੇ ਦੇ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲਣ ਤੋਂ ਬਾਅਦ ਪੁਲਿਸ ਅਤੇ ਪੈਰਾਮੈਡਿਕਸ ਟੀਮ ਮੌਕੇ ‘ਤੇ ਪਹੁੰਚੀ, ਜਿੱਥੇ ਦਮਨਪ੍ਰੀਤ ਬੇਹੋਸ਼ੀ ਦੀ ਹਾਲਤ ਵਿਚ ਮਿਲੀ। ਉਸ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ 12 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 14 ਜੁਲਾਈ ਨੂੰ ਹੋਏ ਪੋਸਟਮਾਰਟਮ ਵਿਚ ਪੁਸ਼ਟੀ ਹੋਈ ਕਿ ਦਮਨਪ੍ਰੀਤ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ।
ਹੋਮੀਸਾਈਡ ਯੂਨਿਟ ਨੇ ਕਾਰਵਾਈ ਕਰਦਿਆਂ 22 ਜੁਲਾਈ ਨੂੰ ਦੋਸ਼ੀ ਲਿਵ-ਇਨ ਸਾਥੀ ਰਿਤੇਸ਼ ਕੁਮਾਰ (22), ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਵਿਰੁੱਧ ਸੈਕਿੰਡ ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਇਸ ਨੂੰ ਘਰੇਲੂ ਹਿੰਸਾ ਜਾਂ ਪਾਰਟਨਰ ਹੱਤਿਆ ਦਾ ਮਾਮਲਾ ਦੱਸਿਆ ਹੈ ਅਤੇ ਕਿਹਾ ਕਿ ਇਸ ਕੇਸ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਮਗਰੋਂ ਰਿਤੇਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਦਮਨਪ੍ਰੀਤ ਕੈਨੇਡਾ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੌਬ ਕਰ ਰਹੀ ਸੀ। ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਲਈ ਸੋਸ਼ਲ ਮੀਡੀਆ ‘ਤੇ ਗੋ-ਫੰਡ-ਮੀ ਕੈਂਪੇਨ ਸ਼ੁਰੂ ਕੀਤਾ ਗਿਆ ਹੈ, ਕਿਉਂਕਿ ਪਰਿਵਾਰ ਦੀ ਵਿੱਤੀ ਸਥਿਤੀ ਕਾਫ਼ੀ ਨਾਜ਼ੁਕ ਹੈ। ਫ਼ਿਲਹਾਲ ਪਰਿਵਾਰ ਨੂੰ ਭਾਰਤੀ ਦੂਤਾਵਾਸ ਜਾਂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਹੈ।