#PUNJAB

‘ਡੰਕੀ ਰੂਟ’ ਰਾਹੀਂ ਅਮਰੀਕਾ ਪਹੁੰਚਣ ਤੋਂ ਕੁਝ ਮਹੀਨਿਆਂ ਬਾਅਦ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ

– ਪੀੜਤ ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਕੋਲੋਂ ਮੰਗੀ ਮਦਦ
ਫਿਰੋਜ਼ਪੁਰ, 11 ਜੁਲਾਈ (ਪੰਜਾਬ ਮੇਲ)- ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਮੂਸੇ ਵਾਲਾ ਦੇ 28 ਸਾਲਾ ਨੌਜਵਾਨ ਮਨਦੀਪ ਸਿੰਘ ਨੂੰ ਗ਼ੈਰ-ਕਾਨੂੰਨੀ ‘ਡੰਕੀ ਰੂਟ’ ਰਾਹੀਂ ਅਮਰੀਕਾ ਪਹੁੰਚਣ ਲਈ ਕਰੀਬ ਇੱਕ ਸਾਲ ਦਾ ਸਮਾਂ ਲੱਗਿਆ ਸੀ। ਪਰ ਬਦਕਿਸਮਤੀ ਨਾਲ ਉੱਥੇ ਪਹੁੰਚਣ ਤੋਂ ਕੁਝ ਸਮਾਂ ਬਾਅਦ ਹੀ ਉਹ ਬਿਮਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ।
ਮਨਦੀਪ ਦੇ ਚੰਗੇ ਭਵਿੱਖ ਲਈ ਉਸ ਨੂੰ ਅਮਰੀਕਾ ਭੇਜਣ ਵਾਸਤੇ ਪਰਿਵਾਰ ਨੇ ਆਪਣੀ ਚਾਰ ਏਕੜ ਖੇਤੀਬਾੜੀ ਵਾਲੀ ਜ਼ਮੀਨ ਵੇਚ ਦਿੱਤੀ ਸੀ ਅਤੇ ਲਗਪਗ 50 ਲੱਖ ਰੁਪਏ ਖ਼ਰਚ ਕੀਤੇ ਸਨ।
ਮਨਦੀਪ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੇ ਜੱਦੀ ਸ਼ਹਿਰ ਤੋਂ ਨਿਕਲਣ ਤੋਂ ਬਾਅਦ, ਅਮਰੀਕਾ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਥਾਈਲੈਂਡ, ਮਲੇਸ਼ੀਆ, ਇੰਗਲੈਂਡ, ਫਰਾਂਸ ਅਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਲਗਪਗ ਇੱਕ ਸਾਲ ਲੰਮੀ ਖ਼ਤਰਨਾਕ ਯਾਤਰਾ ਕੀਤੀ। ਗੁਰਨਾਮ ਸਿੰਘ ਨੇ ਦੱਸਿਆ ਕਿ ਉੱਥੇ ਪਹੁੰਚਣ ‘ਤੇ ਉਸ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਸੀ ਅਤੇ ਬਾਅਦ ਵਿਚ ਉਸ ਨੂੰ ਇੱਕ ਨਿਰਧਾਰਤ ਸ਼ਹਿਰ ਵਿਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮਨਦੀਪ ਪਰਿਵਾਰ ਦੇ ਕਰਜ਼ੇ ਨੂੰ ਲਾਹੁਣ ਅਤੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ।
ਉਸ ਦੇ ਪਿਤਾ ਨੇ ਕਿਹਾ, ”ਫ਼ੋਨ ‘ਤੇ ਗੱਲਬਾਤ ਦੌਰਾਨ ਮਨਦੀਪ ਅਕਸਰ ਕਹਿੰਦਾ ਹੁੰਦਾ ਸੀ ਕਿ ਉਹ ਆਪਣੀਆਂ ਦੋਵੇਂ ਭੈਣਾਂ ਦੇ ਸ਼ਾਨਦਾਰ ਵਿਆਹ ਕਰਨਾ ਚਾਹੁੰਦਾ ਹੈ ਅਤੇ ਆਪਣੇ ਮਾਪਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣਾ ਚਾਹੁੰਦਾ ਹੈ।”
ਪਰਿਵਾਰਕ ਮੈਂਬਰਾਂ ਅਨੁਸਾਰ ਮਨਦੀਪ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ਖੰਘ ਅਤੇ ਬੁਖ਼ਾਰ ਤੋਂ ਪੀੜਤ ਸੀ। ਪਿੰਡ ਤੋਂ ਵੀ ਉਸ ਨੂੰ ਦਵਾਈਆਂ ਭੇਜੀਆਂ ਗਈਆਂ ਸਨ। ਹਾਲਾਂਕਿ ਸ਼ੁਰੂ ਵਿਚ ਉਸਦੀ ਹਾਲਤ ਵਿਚ ਸੁਧਾਰ ਹੋਇਆ, ਪਰ ਬਾਅਦ ਵਿਚ ਸਥਿਤੀ ਵਿਗੜ ਗਈ, ਜਿਸ ਤੋਂ ਬਾਅਦ ਚਾਰ ਦਿਨ ਪਹਿਲਾਂ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸ਼ੁੱਕਰਵਾਰ ਸਵੇਰੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਉਸ ਦੇ ਪਿਤਾ ਨੇ ਕਿਹਾ, ”ਮੇਰਾ ਪੁੱਤਰ ਮੇਰੇ ਬੁਢਾਪੇ ਦਾ ਸਹਾਰਾ ਸੀ। ਮੈਂ ਉਸ ਨੂੰ ਬਹੁਤ ਉਮੀਦਾਂ ਨਾਲ ਵਿਦੇਸ਼ ਭੇਜਿਆ ਸੀ ਪਰ ਅੱਜ ਮੈਂ ਉਸ ਦੀ ਮ੍ਰਿਤਕ ਦੇਹ ਨੂੰ ਆਪਣੇ ਮੋਢਿਆਂ ‘ਤੇ ਚੁੱਕਣ ਦੇ ਯੋਗ ਵੀ ਨਹੀਂ ਹਾਂ।”
ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਦੀਪ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਵਿਚ ਹਰ ਸੰਭਵ ਸਹਾਇਤਾ ਕੀਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਚ ਕੀਤਾ ਜਾ ਸਕੇ।