#AMERICA

ਟਰੱਕ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਸੈਕਰਾਮੈਂਟੋ ਵਿਖੇ ਧਾਰਮਿਕ ਸਮਾਗਮ ਕਰਵਾਇਆ

ਸੈਕਰਮੈਂਟੋ, 8 ਜੁਲਾਈ (ਪੰਜਾਬ ਮੇਲ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਰੱਕ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਕੀਰਤਨ, ਅਰਦਾਸ ਅਤੇ ਗੁਰਬਾਣੀ ਦੇ ਪ੍ਰਵਾਹ ਰਾਹੀਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ।
ਸਮਾਗਮ ਦੌਰਾਨ ਟਰੱਕ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਵੀਰਾਂ ਨੇ ਹਾਜ਼ਰੀ ਭਰੀ ਅਤੇ ਮੌਜੂਦਾ ਸਮੇਂ ਵਿਚ ਅਮਰੀਕਾ ਦੇ ਟਰੱਕਿੰਗ ਖੇਤਰ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਸਮੂਹ ਟਰੱਕ ਚਾਲਕਾਂ ਦੀ ਚੜ੍ਹਦੀ ਕਲਾ, ਸੁਰੱਖਿਅਤ ਸਫ਼ਰ, ਚੰਗੀ ਸਿਹਤ ਅਤੇ ਰੋਜ਼ੀ-ਰੋਟੀ ਵਿਚ ਬਰਕਤ ਲਈ ਅਰਦਾਸ ਕੀਤੀ। ਅਰਦਾਸ ਦੌਰਾਨ ਇਹ ਵੀ ਕਾਮਨਾ ਕੀਤੀ ਗਈ ਕਿ ਹਰ ਟਰੱਕ ਡਰਾਈਵਰ ਨੂੰ ਗੁਰੂ ਸਾਹਿਬ ਦੀ ਮੇਹਰ ਪ੍ਰਾਪਤ ਹੋਵੇ ਅਤੇ ਕਿਸੇ ਵੀ ਵੀਰ ਨੂੰ ਕੋਈ ਦੁੱਖ, ਤਕਲੀਫ਼ ਜਾਂ ਹਾਦਸਾ ਨਾ ਵਾਪਰੇ।
ਇਸ ਮੌਕੇ ਗੁਰੂ ਕੇ ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਸੰਗਤ ਨੇ ਲੰਗਰ ਛਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਵਿਚ ਸੈਕਰਾਮੈਂਟੋ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪੁੱਜੀ ਸੰਗਤ ਨੇ ਟਰੱਕ ਭਾਈਚਾਰੇ ਦੀ ਇਸ ਸੇਵਾ ਅਤੇ ਏਕਤਾ ਦੀ ਭਰਪੂਰ ਸਰਾਹਨਾ ਕੀਤੀ।