– ਸੰਦੀਪ ਕੌਰ ਚੀਮਾ ਪ੍ਰਧਾਨ ਅਤੇ ਗੁਰਜੀਤ ਕੌਰ ਚੁਣੀ ਗਈ ਮੀਤ ਪ੍ਰਧਾਨ
ਸੁਲਤਾਨਪੁਰ ਲੋਧੀ, 7 ਜੁਲਾਈ (ਪੰਜਾਬ ਮੇਲ)- ਸੁਲਤਾਨਪੁਰ ਲੋਧੀ ਦੀ ਨਗਰ ਕੌਂਸਲ ‘ਤੇ ਰਾਣਾ ਧੜੇ ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀਆਂ ਸੀਟਾਂ ਆਪਣੇ ਹੱਕ ਵਿਚ ਕਰ ਲਈਆਂ ਹਨ। ਨਗਰ ਕੌਂਸਲ ਦਫ਼ਤਰ ਵਿਖੇ ਐੱਸ.ਡੀ.ਐੱਮ. ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ, ਜਿਸ ਦੌਰਾਨ ਸਭ ਤੋਂ ਪਹਿਲਾਂ ਨਵੇਂ ਚੁਣੇ ਗਏ 13 ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ।
ਇਸ ਤੋਂ ਬਾਅਦ ਹੋਈ ਚੋਣ ਪ੍ਰਕਿਰਿਆ ਵਿਚ ਸੰਦੀਪ ਕੌਰ ਚੀਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਗੁਰਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਚੋਣ ਨਤੀਜੇ ਸਾਹਮਣੇ ਆਉਂਦਿਆਂ ਹੀ ਰਾਣਾ ਧੜੇ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਜਸ਼ਨ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀਆਂ 13 ਸੀਟਾਂ ਵਿਚੋਂ ਰਾਣਾ ਧੜੇ ਦੇ ਸਮਰਥਨ ਵਾਲੇ 7 ਉਮੀਦਵਾਰ ਜੇਤੂ ਰਹੇ ਸਨ, ਜਦਕਿ ਆਮ ਆਦਮੀ ਪਾਰਟੀ ਨੂੰ 5 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ ਸੀ, ਉੱਥੇ ਹੀ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।
ਚੋਣਾਂ ਉਪਰੰਤ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਸੱਚ ਅਤੇ ਵਿਕਾਸ ਦੀ ਰਾਜਨੀਤੀ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਦੇ ਜੇਤੂ ਉਮੀਦਵਾਰਾਂ ‘ਤੇ ਦਬਾਅ ਬਣਾਇਆ ਗਿਆ ਅਤੇ ਝੂਠੇ ਮੁਕੱਦਮਿਆਂ ਵਿਚ ਫਸਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਉਨ੍ਹਾਂ ਕਿਹਾ ਕਿ ਅੰਤ ਵਿਚ ਗੁਰੂ ਨਗਰੀ ਵਿਚ ਸੱਚ ਦੀ ਜਿੱਤ ਹੋਈ ਹੈ। ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਕਿਹਾ, ‘ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਅਤੇ ਸ਼ਹਿਰ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰਾਂਗੀ।’
ਸੁਲਤਾਨਪੁਰ ਲੋਧੀ ਨਗਰ ਕੌਂਸਲ ‘ਤੇ ਰਾਣਾ ਧੜੇ ਦਾ ਕਬਜ਼ਾ

