– ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਲਈ ਪੀ.ਆਰ. ਦੇ ਮੌਕੇ ਵਧਣਗੇ ਮੌਕੇ
ਓਨਟਾਰੀਓ, 2 ਜੁਲਾਈ (ਪੰਜਾਬ ਮੇਲ)- ਕੈਨੇਡਾ ‘ਚ ਪੜ੍ਹਾਈ ਅਤੇ ਰੁਜ਼ਗਾਰ ਲਈ ਜਾਣ ਵਾਲੇ ਭਾਰਤੀ ਅਤੇ ਪੰਜਾਬੀ ਵਿਦਿਆਰਥੀਆਂ ਲਈ ਲੰਬੇ ਸਮੇਂ ਬਾਅਦ ਰਾਹਤ ਦੀ ਖ਼ਬਰ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ ਅਤੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਦੇ ਵਿਚਕਾਰ ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਢਾਂਚੇ ਵਿਚ ਬਦਲਾਅ ਕੀਤਾ ਹੈ ਅਤੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਨਾਲ ਪੜ੍ਹਾਈ ਪੂਰੀ ਕਰ ਕੇ ਨੌਕਰੀ ਹਾਸਲ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਸਥਾਈ ਨਿਵਾਸ (ਪੀ.ਆਰ.) ਦਾ ਰਸਤਾ ਮਜ਼ਬੂਤ ਹੋਣ ਦੀ ਉਮੀਦ ਹੈ।
ਓਨਟਾਰੀਓ ਸਰਕਾਰ ਨੇ ਓਨਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਦਾ ਪੁਨਰਗਠਨ ਸ਼ੁਰੂ ਕੀਤਾ ਹੈ। ਜਿਸ ਦੇ ਤਹਿਤ ਅੱਠ ਮੌਜੂਦਾ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਚਾਰ ਨਵੀਆਂ ਸਟ੍ਰੀਮਾਂ ਦੁਆਰਾ ਬਦਲਿਆ ਜਾਵੇਗਾ। ਫਿਲਹਾਲ ਓਨਟਾਰੀਓ ਵਰਕਫੋਰਸ ਪ੍ਰਾਇਓਰਿਟੀ (ਓ.ਡਬਲਯੂ.ਪੀ.) ਸਟ੍ਰੀਮ ਲਾਗੂ ਹੋ ਚੁੱਕੀ ਹੈ, ਜਦੋਂ ਕਿ ਹੋਰ ਸਟ੍ਰੀਮਾਂ ਪੜਾਅਵਾਰ ਲਾਗੂ ਕੀਤੀਆਂ ਜਾਣਗੀਆਂ।
ਨਵੀਂ ਸਟ੍ਰੀਮ ਤਹਿਤ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੁਨਰਮੰਦ ਵਿਦੇਸ਼ੀ ਨਾਗਰਿਕਾਂ ਨੂੰ ਤਰਜੀਹ ਦਿੱਤੀ ਹੋਵੇਗੀ। ਓਨਟਾਰੀਓ ਦੀ ਮਾਨਤਾ ਪ੍ਰਾਪਤ ਕੰਪਨੀ ਤੋਂ ਨੌਕਰੀ ਦਾ ਪ੍ਰਸਤਾਵ ਮਿਲਣ ‘ਤੇ ਭਾਰਤੀ ਵਿਦਿਆਰਥੀ ਸੂਬਾਈ ਨਾਮਜ਼ਦਗੀ (ਪੀ.ਐੱਨ.ਪੀ.) ਲਈ ਯੋਗ ਹੋ ਸਕਦੇ ਹਨ। ਹਾਲਾਂਕਿ ਅੰਤਿਮ ਪੀ.ਆਰ. ਦੀ ਪ੍ਰਵਾਨਗੀ ਕੈਨੇਡੀਅਨ ਸੰਘੀ ਸਰਕਾਰ ਦੁਆਰਾ ਦਿੱਤੀ ਜਾਵੇਗੀ, ਪਰ ਪੀ.ਐੱਨ.ਪੀ. ਪ੍ਰਾਪਤ ਕਰਨ ਨਾਲ ਅਰਜ਼ੀ ਮਜ਼ਬੂਤ ਹੋਵੇਗੀ।
ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ਵਿਚ ਵਿਦਿਆਰਥੀ ਟੋਰਾਂਟੋ, ਓਟਾਵਾ, ਬਰੈਂਪਟਨ, ਹੈਮਿਲਟਨ, ਲੰਡਨ, ਕਿਚਨਰ ਅਤੇ ਮਿਸੀਸਾਗਾ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ। ਨਵੇਂ ਪ੍ਰੋਗਰਾਮ ਵਿਚ ਪੜ੍ਹਾਈ ਤੋਂ ਬਾਅਦ ਕੰਮ ਦੇ ਤਜ਼ਰਬੇ ਹਾਸਲ ਕਰਨ ਵਾਲੇ ਅਤੇ ਪਹਿਲਾਂ ਤੋਂ ਨੌਕਰੀ ਕਰ ਰਹੇ ਉਮੀਦਵਾਰਾਂ ਨੂੰ ਤਰਜੀਹ ਮਿਲ ਸਕਦੀ ਹੈ। ਭਾਸ਼ਾ ਅਤੇ ਵਿਦਿਅਕ ਯੋਗਤਾ ਲੋੜਾਂ ਨਾਲ ਜੁੜੀਆਂ ਕੁਝ ਸ਼ਰਤਾਂ ਨੂੰ ਵੀ ਵਧੇਰੇ ਵਿਹਾਰਕ ਬਣਾਇਆ ਗਿਆ ਹੈ।
ਸਰਕਾਰ ਦੇ ਅਨੁਸਾਰ ਸੂਚਨਾ ਤਕਨਾਲੋਜੀ, ਨਿਰਮਾਣ, ਆਵਾਜਾਈ, ਸਿਹਤ ਸੰਭਾਲ, ਨਿਰਮਾਣ, ਖੇਤੀਬਾੜੀ ਅਤੇ ਤਕਨੀਕੀ ਖੇਤਰਾਂ ਵਿਚ ਕਾਮਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਹ ਬਦਲਾਅ ਕੀਤਾ ਗਿਆ ਹੈ। ਕਿਰਤ, ਇਮੀਗ੍ਰੇਸ਼ਨ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰੀ ਡੇਵਿਡ ਪਿਚਿਨੀ ਨੇ ਕਿਹਾ ਕਿ ਨਵਾਂ ਢਾਂਚਾ ਅਸਲ ਕੰਮ ਦੇ ਤਜ਼ਰਬੇ ਵਾਲੇ ਉਮੀਦਵਾਰਾਂ ਨੂੰ ਤਰਜੀਹ ਦੇਵੇਗਾ। 2025 ਵਿਚ ਓ.ਆਈ.ਐੱਨ.ਪੀ. ਦੇ ਤਹਿਤ 10,750 ਤੋਂ ਵੱਧ ਲੋਕਾਂ ਨੂੰ ਸੂਬਾਈ ਨਾਮਜ਼ਦਗੀ ਮਿਲੀ ਸੀ, ਜ਼ਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਸੀ।
ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਢਾਂਚੇ ‘ਚ ਕੀਤਾ ਬਦਲਾਅ; ਨਵਾਂ ਪ੍ਰੋਗਰਾਮ ਕੀਤਾ ਸ਼ੁਰੂ

