ਕਾਰਾਕਸ, 26 ਜੂਨ (ਪੰਜਾਬ ਮੇਲ)- ਵੈਨੇਜ਼ੁਏਲਾ ਇੱਕ ਸਦੀ ਤੋਂ ਵੱਧ ਸਮੇਂ ਵਿਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਵਿਆਪਕ ਤਬਾਹੀ ਹੋਈ ਹੈ। ਬੁੱਧਵਾਰ ਸ਼ਾਮ ਨੂੰ ਦੇਸ਼ ਨੂੰ ਲਗਾਤਾਰ 2 ਭੂਚਾਲ 7.2 ਅਤੇ 7.5 ਤੀਬਰਤਾ ਨੇ ਹਿਲਾ ਕੇ ਰੱਖ ਦਿੱਤਾ, ਜਿਸ ਦੇ ਨਤੀਜੇ ਵਜੋਂ ਹੁਣ ਤੱਕ 589 ਮੌਤਾਂ ਹੋ ਗਈਆਂ ਹਨ। ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਹਾਲੇ ਵੀ ਕਈ ਲੋਕ ਮਲਬੇ ਹੇਠ ਫਸੇ ਹੋਏ ਹਨ।
ਭੂਚਾਲ ਦਾ ਸਭ ਤੋਂ ਵਿਨਾਸ਼ਕਾਰੀ ਪ੍ਰਭਾਵ ਰਾਜਧਾਨੀ ਕਰਾਕਸ ਦੇ ਉੱਤਰ ਵਿਚ ਲਾ ਗੁਆਇਰਾ ਦੇ ਤੱਟਵਰਤੀ ਖੇਤਰ ਵਿਚ ਮਹਿਸੂਸ ਕੀਤਾ ਗਿਆ। ਸਰਕਾਰ ਨੇ ਇਸ ਨੂੰ ”ਆਫ਼ਤ ਖੇਤਰ” ਐਲਾਨ ਕੀਤਾ ਹੈ। ਉੱਥੇ ਦਰਜਨਾਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਉਨ੍ਹਾਂ ਰਿਪੋਰਟ ਦਿੱਤੀ ਕਿ ਕੁਦਰਤੀ ਆਫ਼ਤ ਕਾਰਨ 2980 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ ਇੰਨੀ ਹੀ ਗਿਣਤੀ ਵਿਚ ਲੋਕ ਬੇਘਰ ਹੋ ਗਏ ਹਨ।
ਦੇਸ਼ ਦੇ ਮੁੱਖ ਸਿਮੋਨ ਬੋਲਿਵਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਉਡਾਣ ਸੰਚਾਲਨ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਤੋਂ ਇਲਾਵਾ ਸੁਰੱਖਿਆ ਕਾਰਨਾਂ ਕਰਕੇ ਮੈਟਰੋ ਅਤੇ ਗੈਸ ਸਪਲਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕੁਝ ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਹਨ, ਉਨ੍ਹਾਂ ਦੀਆਂ ਇਮਾਰਤਾਂ ਨੂੰ ਰਾਹਤ ਕੈਂਪਾਂ ਅਤੇ ਸਹਾਇਤਾ ਕੇਂਦਰਾਂ ਵਜੋਂ ਵਰਤਿਆ ਜਾ ਰਿਹਾ ਹੈ।
ਇਸ ਵੱਡੀ ਦੁਖਾਂਤ ਤੋਂ ਬਾਅਦ ਦੁਨੀਆਂ ਭਰ ਤੋਂ ਸਹਾਇਤਾ ਦੀਆਂ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸੰਯੁਕਤ ਰਾਜ ਅਮਰੀਕਾ ਨੇ ਖੋਜ ਟੀਮਾਂ, ਡਾਕਟਰੀ ਸਰੋਤਾਂ ਅਤੇ ਮਾਨਵਤਾਵਾਦੀ ਸਹਾਇਤਾ ਨੂੰ ਤੁਰੰਤ ਭੇਜਣ ਦਾ ਐਲਾਨ ਕੀਤਾ ਹੈ। ਕਤਰ ਤੋਂ ਬਚਾਅ ਟੀਮਾਂ ਪਹਿਲਾਂ ਹੀ ਰਵਾਨਾ ਹੋ ਚੁੱਕੀਆਂ ਹਨ, ਜਦੋਂਕਿ ਮੈਕਸੀਕੋ ਅਤੇ ਐਲ ਸੈਲਵਾਡੋਰ ਤੋਂ ਟੀਮਾਂ ਦੇ ਜਲਦੀ ਹੀ ਪਹੁੰਚਣ ਦੀ ਉਮੀਦ ਹੈ।
ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਅਨੁਸਾਰ, ਪਹਿਲਾ ਭੂਚਾਲ 7.2 ਤੀਬਰਤਾ ਦਾ ਸੀ, ਜਿਸਦਾ ਕੇਂਦਰ ਮੋਰੋਨ ਦੇ ਪੱਛਮ ਵਿਚ ਸੀ। ਇੱਕ ਮਿੰਟ ਬਾਅਦ 7.5 ਦੀ ਤੀਬਰਤਾ ਵਾਲਾ ਦੂਜਾ, ਵਧੇਰੇ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤਾ ਗਿਆ। ਇਨ੍ਹਾਂ ਭੂਚਾਲਾਂ ਦਾ ਪ੍ਰਭਾਵ ਇੰਨਾ ਵਿਆਪਕ ਸੀ ਕਿ 1,700 ਕਿਲੋਮੀਟਰ ਦੂਰ ਬ੍ਰਾਜ਼ੀਲ ਦੇ ਐਮਾਜ਼ੋਨ ਖੇਤਰ ਵਿਚ ਵੀ ਇਮਾਰਤਾਂ ਨੂੰ ਖਾਲੀ ਕਰਵਾਉਣਾ ਪਿਆ। ਇਸ ਵੇਲੇ ਬਚਾਅ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਮਲਬੇ ਹੇਠੋਂ ਫਸੇ ਲੋਕਾਂ ਨੂੰ ਕੱਢਣ ਲਈ ਕਟਰ ਅਤੇ ਹੋਰ ਉਪਕਰਣਾਂ ਦੀ ਵਰਤੋਂ ਕਰ ਰਹੀਆਂ ਹਨ। ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਨੁਕਸਾਨ ਹੋਣ ਦੇ ਡਰੋਂ ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ ‘ਤੇ ਰਾਤ ਬਿਤਾਉਣ ਲਈ ਮਜਬੂਰ ਹਨ।
ਵੈਨੇਜ਼ੁਏਲਾ ‘ਚ ਭੂਚਾਲ ਕਾਰਨ ਹੁਣ ਤੱਕ 589 ਲੋਕਾਂ ਦੀ ਮੌਤ: 2980 ਤੋਂ ਵੱਧ ਜ਼ਖਮੀ; ਅੰਤਰਰਾਸ਼ਟਰੀ ਮਦਦ ਦੀ ਅਪੀਲ

