ਨਵੀਂ ਦਿੱਲੀ, 25 ਜੂਨ (ਪੰਜਾਬ ਮੇਲ)- ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਂਡੀ ਜੈਸੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ 2030 ਤੱਕ ਭਾਰਤ ਵਿਚ ਏ ਆਈ ਅਤੇ ਕਲਾਊਡ ਇਨਫਰਾਸਟਰਕਚਰ ਦੇ ਵਿਸਥਾਰ ਲਈ ਵਾਧੂ 13 ਅਰਬ ਅਮਰੀਕੀ ਡਾਲਰ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ।
ਜੈਸੀ ਨੇ ਭਾਰਤ ਪ੍ਰਤੀ ਕੰਪਨੀ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨਵੇਂ ਨਿਵੇਸ਼ ਨਾਲ 2026 ਤੋਂ 2030 ਦੇ ਦਰਮਿਆਨ ਦੇਸ਼ ਵਿਚ ਐਮਾਜ਼ਾਨ ਦਾ ਕੁੱਲ ਪੂੰਜੀ ਨਿਵੇਸ਼ 48 ਅਰਬ ਡਾਲਰ ਤੱਕ ਪਹੁੰਚ ਜਾਵੇਗਾ।
ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਨਿਵੇਸ਼ ਭਾਰਤ ਵਿਚ ਏ.ਆਈ. ਅਤੇ ਕਲਾਊਡ ਇਨਫਰਾਸਟਰਕਚਰ ਦੇ ਵਿਸਥਾਰ ਲਈ 2026-2030 ਦੌਰਾਨ ਐਮਾਜ਼ਾਨ ਦੇ ਕੁੱਲ ਨਿਵੇਸ਼ ਨੂੰ 21 ਅਰਬ ਡਾਲਰ ਤੋਂ ਵੱਧ ਕਰ ਦੇਵੇਗਾ, ਜਿਸ ਨਾਲ ਕੰਪਨੀ ਦੇਸ਼ ਵਿਚ ਸਭ ਤੋਂ ਵੱਡੇ ਵਿਸ਼ਵ ਪੱਧਰੀ ਏ.ਆਈ. ਅਤੇ ਕਲਾਊਡ ਨਿਵੇਸ਼ਕਾਂ ਵਿਚ ਸ਼ਾਮਲ ਹੋ ਜਾਵੇਗੀ।
ਐਮਾਜ਼ਾਨ ਨੇ ਕਿਹਾ ਕਿ ਇਸ ਨਿਵੇਸ਼ ਨਾਲ ਐਮਾਜ਼ਾਨ ਵੈੱਬ ਸਰਵਿਸਿਜ਼ (ਏ.ਡਬਲਯੂ.ਐੱਸ.) ਦੇ ਮੁੰਬਈ ਅਤੇ ਹੈਦਰਾਬਾਦ ਸਥਿਤ ਡਾਟਾ ਸੈਂਟਰਾਂ ਦੀ ਸਮਰੱਥਾ ਵਧਾਈ ਜਾਵੇਗੀ। ਇਸ ਨਾਲ ਸਟਾਰਟਅੱਪਸ, ਉਦਯੋਗਿਕ ਇਕਾਈਆਂ ਅਤੇ ਸਰਕਾਰੀ ਸੰਸਥਾਵਾਂ ਨੂੰ ਕਸਟਮ ਏ.ਆਈ. ਚਿਪਸ, ਪ੍ਰਬੰਧਿਤ ਏ.ਆਈ. ਸੇਵਾਵਾਂ, ਸੁਰੱਖਿਅਤ ਕਲਾਉਡ ਤਕਨਾਲੋਜੀਆਂ ਅਤੇ ਡਿਵੈਲਪਰ ਟੂਲਜ਼ ਦੀ ਵਧੀਆ ਪਹੁੰਚ ਮਿਲੇਗੀ।
ਐਮਾਜ਼ਾਨ ਵੱਲੋਂ ਭਾਰਤ ‘ਚ 13 ਅਰਬ ਡਾਲਰ ਦਾ ਹੋਰ ਨਿਵੇਸ਼ ਦਾ ਐਲਾਨ

