ਵਾਸ਼ਿੰਗਟਨ, 23 ਜੂਨ (ਪੰਜਾਬ ਮੇਲ)- ਅਮਰੀਕੀ ਖਜ਼ਾਨਾ ਵਿਭਾਗ ਨੇ ਈਰਾਨੀ ਤੇਲ ‘ਤੇ ਲੱਗੀਆਂ ਪਾਬੰਦੀਆਂ ਵਿਚ 60 ਦਿਨਾਂ ਦੀ ਅਸਥਾਈ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਕਦਮ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਜੰਗ ਨੂੰ ਸਥਾਈ ਤੌਰ ‘ਤੇ ਖਤਮ ਕਰਨ ਲਈ ਕੀਤੇ ਜਾ ਰਹੇ ਅੰਤਰਿਮ ਸਮਝੌਤੇ ਦਾ ਇੱਕ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।
ਅਮਰੀਕੀ ਖਜ਼ਾਨਾ ਸਕੱਤਰ ਸਕੌਟ ਬੇਸੈਂਟ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਸਵਿਟਜ਼ਰਲੈਂਡ ਵਿਚ ਚੱਲ ਰਹੀ ਉਸਾਰੂ ਗੱਲਬਾਤ ਦੇ ਨਤੀਜੇ ਵਜੋਂ ਈਰਾਨ ਨੇ ਦੋ ਪ੍ਰਮੁੱਖ ਵਾਅਦੇ ਕੀਤੇ ਹਨ। ਪਹਿਲਾ ਹੋਰਮੁਜ਼ ਵਿਚ ਆਵਾਜਾਈ ਨੂੰ ਪੂਰੀ ਤਰ੍ਹਾਂ ਮੁਫਤ ਅਤੇ ਖੁੱਲ੍ਹਾ ਰੱਖਿਆ ਜਾਵੇਗਾ। ਦੂਜਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਨਿਰੀਖਕਾਂ ਨੂੰ ਈਰਾਨ ਵਿਚ ਜਾਂਚ ਲਈ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਦੱਸਿਆ ਕਿ ਸਵਿਟਜ਼ਰਲੈਂਡ ਵਿਚ ਈਰਾਨੀ ਅਧਿਕਾਰੀਆਂ ਨਾਲ ਹੋਈ ਲੰਬੀ ਗੱਲਬਾਤ ਨੇ ਇੱਕ ਸਫਲ ਅੰਤਿਮ ਸਮਝੌਤੇ ਲਈ ਇੱਕ ”ਚੰਗੀ ਨੀਂਹ” ਤਿਆਰ ਕੀਤੀ ਹੈ। ਵਾਂਸ ਅਨੁਸਾਰ, ਦੋਵੇਂ ਧਿਰਾਂ ਹੁਣ ਜੰਗ ਦੇ ਪੱਕੇ ਹੱਲ ਵੱਲ ਵਧ ਰਹੀਆਂ ਹਨ।
ਖਜ਼ਾਨਾ ਵਿਭਾਗ ਦੇ ‘ਆਫਿਸ ਆਫ ਫੌਰਨ ਐਸੇਟਸ ਕੰਟਰੋਲ’ (ਓ.ਐੱਫ.ਏ.ਸੀ.) ਨੇ ‘ਜਨਰਲ ਲਾਇਸੈਂਸ ਐਕਸ’ ਜਾਰੀ ਕੀਤਾ ਹੈ। ਇਹ ਲਾਇਸੈਂਸ 21 ਅਗਸਤ 2026 ਤੱਕ ਲਾਗੂ ਰਹੇਗਾ। ਇਸ ਦੇ ਤਹਿਤ ਈਰਾਨੀ ਮੂਲ ਦੇ ਕੱਚੇ ਤੇਲ, ਪੈਟਰੋ ਕੈਮੀਕਲ ਉਤਪਾਦਾਂ ਅਤੇ ਪੈਟਰੋਲੀਅਮ ਉਤਪਾਦਾਂ ਦੇ ਉਤਪਾਦਨ, ਵਿਕਰੀ, ਸਪਲਾਈ ਅਤੇ ਲੋਡਿੰਗ ਨਾਲ ਸਬੰਧਤ ਸਾਰੇ ਜ਼ਰੂਰੀ ਲੈਣ-ਦੇਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਫੈਸਲਾ ਦੁਨੀਆਂ ਭਰ ਦੇ ਉਨ੍ਹਾਂ ਦੇਸ਼ਾਂ ਨੂੰ ਵੱਡੀ ਰਾਹਤ ਦੇਵੇਗਾ, ਜੋ ਈਰਾਨੀ ਤੇਲ ਦੀ ਖਰੀਦ ਕਰਨਾ ਚਾਹੁੰਦੇ ਹਨ, ਕਿਉਂਕਿ ਹੁਣ ਉਹ ਅਗਸਤ ਦੇ ਅਖੀਰ ਤੱਕ ਬਿਨਾਂ ਕਿਸੇ ਅਮਰੀਕੀ ਪਾਬੰਦੀ ਦੇ ਡਰ ਤੋਂ ਵਪਾਰ ਜਾਰੀ ਰੱਖ ਸਕਣਗੇ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਦੁਨੀਆ ਵਧੇਰੇ ਸੁਰੱਖਿਅਤ ਅਤੇ ਖੁਸ਼ਹਾਲ ਹੋਵੇਗੀ।
ਅਮਰੀਕਾ ਵੱਲੋਂ ਈਰਾਨੀ ਤੇਲ ਪਾਬੰਦੀਆਂ ‘ਚ 60 ਦਿਨਾਂ ਦੀ ਛੋਟ ਦਾ ਐਲਾਨ

