#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ 35 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਲੋਕ ਕੰਮ ਕਰਨ ਤੋਂ ਅਸਮਰਥ ਹਨ, ਘਰੇਲੂ ਹਾਲਾਤ ਅਤਿ ਮਾੜੇ ਹਨ, ਅਜਿਹੇ ਹਾਲਾਤਾਂ ਵਿਚ ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਇਨ੍ਹਾਂ ਲੋਕਾਂ ਦੀ ਬਾਂਹ ਫੜੀ ਹੋਈ ਹੈ। ਸਮੇਂ ਸਮੇਂ ‘ਤੇ ਲੋੜ ਅਨੁਸਾਰ ਇਨ੍ਹਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ਵਿਚ ਪੈਂਤੀ ਹਜ਼ਾਰ ਰੁਪਏ ਇਨ੍ਹਾਂ ਨੂੰ ਤਕਸੀਮ ਕੀਤੇ ਗਏ।
ਸਹਾਇਤਾ ਰਾਸ਼ੀ ਲੈਣ ਉਪਰੰਤ ਲੋੜਵੰਦਾਂ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਡਾ. ਓਬਰਾਏ ਦੇ ਇਸ ਉਪਰਾਲੇ ਨਾਲ ਅਸੀਂ ਆਪਣੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋ ਗਏ ਹਾਂ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਬਲਜੀਤ ਸਿੰਘ ਮਾਨ ਰਿਟਾ. ਪ੍ਰਿੰਸੀਪਲ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਨਾਥ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸੁਖਬੀਰ ਸਿੰਘ ਜੈਲਦਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਸੁਖਦਰਸ਼ਨ ਸਿੰਘ ਬੇਦੀ ਰਿਟਾ. ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ. ਆਦਿ ਹਾਜ਼ਰ ਸਨ।