”ਪੰਜਾਬੀ ਭਾਈਚਾਰੇ ਦਾ ਵਧਾਇਆ ਮਾਣ”
ਫਰਿਜ਼ਨੋ, 22 ਜੂਨ (ਧਾਲੀਆਂ/ ਮਾਛੀਕੇ/ ਪੰਜਾਬ ਮੇਲ)- ਆਪਣੀ ਛੋਟੀ ਉਮਰੇ ਐਲੀਮੈਟਰੀ ਸਕੂਲ ਵਿਚ ਪੜ੍ਹਦਿਆਂ ਅਮਰੀਕਾ ਦਾ ਜੰਮਪਲ ਅਮਨਜੋਤ ਸਿੰਘ ਆਪਣੇ ਪਿਤਾ ਗਾਇਕ ਅਤੇ ਅਦਾਕਾਰ ਬਾਈ ਸੁਰਜੀਤ ਦੀ ਪ੍ਰੇਰਨਾ ਸਦਕਾ ਪੰਜਾਬੀ ਗਾਇਕੀ ਅਤੇ ਸੱਭਿਆਚਾਰਕ ਸਟੇਜਾਂ ਦਾ ਮਾਣ ਬਣਿਆ। ਜਿਸ ਨੇ ਬੱਬੂ ਮਾਨ, ਕਨਵਰ ਗਰੇਵਾਲ ਅਤੇ ਹੋਰ ਵੱਡੇ-ਵੱਡੇ ਗਾਇਕਾਂ ਦੀਆਂ ਸਟੇਜਾਂ ਤੋਂ ਛੋਟੀ ਉਮਰੇ ਆਪਣੀ ਗਾਇਕੀ ਨਾਲ ਨਿਮਾਣਾ ਖੱਟਿਆ।
ਪਰ ਇਸ ਦੇ ਨਾਲ-ਨਾਲ ਸਕੂਲ ਵਿਚ ਪੜ੍ਹਦਿਆਂ ਆਪਣੇ ਅਧਿਆਪਕਾਂ ਅਤੇ ਯੋਗ ਕੋਚਾਂ ਦੀ ਅਗਵਾਈ ਅੰਦਰ ਬਾਕਸਿੰਗ ਨੂੰ ਵੀ ਆਪਣਾ ਸ਼ੌਕ ਬਣਾ ਲਿਆ। ਹੁਣ ਗਾਇਕੀ ਦੀਆਂ ਸੁਰਾਂ ਤੋਂ ਬਾਅਦ ਅਮੈਰੀਕਨ ਬਾਕਸਿੰਗ ਵਿਚ ਆਪਣੇ ਪੰਚਾਂ ਰਾਹੀਂ ਮਾਸਟਰ ਅਮਨਜੋਤ ਨੇ ਹੋਏ ਟੂਰਨਾਮੈਂਟ ਦੌਰਾਨ ਮੱਲ੍ਹਾਂ ਮਾਰ ਪੰਜਾਬੀ ਭਾਈਚਾਰੇ ਦਾ ਨਾਂ ਚਮਕਾਇਆ।
ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਦੇ ”ਸਿਟੀ ਕਾਲਜ” ਵਿਚ ਹੋਏ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਦੌਰਾਨ 18 ਸਾਲ ਤੱਕ ਉਮਰ ਦੇ ਵਰਗ ਵਿਚ ਆਪ ਤੋਂ ਵਡੇਰੀ ਉਮਰ ਦੇ ਅਮਰੀਕਨ ਗੋਰੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕਰਦੇ ਹੋਏ, ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂ ਦਰਜ ਕਰਵਾ ਕੇ ਪੰਜਾਬੀਅਤ ਦਾ ਮਾਣ ਵਧਾਇਆ। ਇਸ ਸਮੇਂ ਅਮਨਦੀਪ ਦੀ ਉਮਰ 15 ਸਾਲ ਹੈ ਅਤੇ ਇਹ ਬਾਕਸਿੰਗ ਵਿਚ ਬਹੁਤ ਮੁਹਾਰਤ ਰੱਖਦਾ ਹੈ, ਜੋ ਰੋਜ਼ਾਨਾ ਮਾਹਰ ਕੋਚਾਂ ਦੀ ਅਗਵਾਈ ਅਧੀਨ ਪੜ੍ਹਾਈ ਦੇ ਨਾਲ-ਨਾਲ ਬਾਕਸਿੰਗ ਦੀ ਕੋਚਿੰਗ ਵੀ ਲੈ ਰਿਹਾ ਹੈ। ਭਵਿੱਖ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਆਪਣੇ ਬਾਕਸਿੰਗ ਦੇ ਇਸ ਪੈਸ਼ਨ (ਸ਼ੌਕ) ਨੂੰ ਪ੍ਰੋਫੈਸ਼ਨ ਵਿਚ ਜ਼ਰੂਰ ਬਦਲੇਗਾ। ਉਸਨੇ ਨਾਮਵਰ ਬਾਕਸਿੰਗ ਖਿਡਾਰੀਆਂ ਦਾ ਨਾਂ ਲੈਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਉੱਚੇ ਮੁਕਾਮ ਹਾਸਲ ਕੀਤੇ ਅਤੇ ਦੁਨੀਆਂ ਉਨ੍ਹਾਂ ਨੂੰ ਜਾਣਦੀ ਹੈ। ਇਸ ਟੂਰਨਾਮੈਂਟ ਨੂੰ ਦੇਖਣ ਲਈ ਪੰਜਾਬੀ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ।
ਪੰਜਾਬ ਤੋਂ ਅਮਨਦੀਪ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਨਾਲ ਸਬੰਧਤ ਹੈ। ਜਿੱਥੇ ਉਸ ਦੇ ਦਾਦਾ ਸ. ਰਾਮ ਸਿੰਘ ਲੰਮਾ ਸਮਾਂ ਭਾਰਤੀ ਫੌਜ ਵਿਚ ਕੈਪਟਨ ਰਹੇ ਅਤੇ ਹੁਣ ਬਤੌਰ ਸਮਾਜਸੇਵੀ ਸੇਵਾਵਾਂ ਨਿਭਾ ਰਹੇ ਹਨ। ਜਦਕਿ ਉਸ ਦੇ ਤਾਇਆ ਸ. ਸੁਖਦੇਵ ਸਿੰਘ ਬਿੱਟੂ ਇੰਸਪੈਕਟਰ ਨਗਰ ਕੌਂਸਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ।
ਅਮੈਰੀਕਨ ਬਾਕਸਿੰਗ ਚੈਪੀਅਨਸ਼ਿਪ ‘ਚ ਅਮਨਜੋਤ ਨੇ ਮਾਰੀਆਂ ਮੱਲਾਂ

